Canada ਦੇ ਸਰੀ ’ਚ ਐਮਰਜੈਂਸੀ ਦਾ ਐਲਾਨ; ਲਗਾਤਾਰ ਵੱਧ ਰਹੇ ਜ਼ਬਰੀ ਵਸੂਲੀ ਦੇ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ ਫੈਸਲਾ
Canada News : ਕੈਨੇਡਾ ਵਿੱਚ ਜਬਰਨ ਵਸੂਲੀ ਦੀਆਂ ਧਮਕੀਆਂ ਖਿਲਾਫ ਇੱਕ ਵੱਡੀ ਕਾਰਵਾਈ ਕਰਦਿਆਂ ਸਰੀ ਸਿਟੀ ਕੌਂਸਲ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕੈਨੇਡਾ ਵਿੱਚ ਕਿਸੇ ਵੀ ਅਪਰਾਧ ਖਿਲਾਫ ਅਜਿਹੀ ਕਾਰਵਾਈ ਕਰਨ ਵਾਲੀ ਇਹ ਪਹਿਲੀ ਚੁਣੀ ਹੋਈ ਕੌਂਸਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੱਖਣੀ ਏਸ਼ੀਆਈ ਲੋਕਾਂ ਤੋਂ ਜਬਰਨ ਵਸੂਲੀ ਵਿੱਚ ਪੰਜਾਬੀ ਗੈਂਗਸਟਰਾਂ ਦੀ ਸਭ ਤੋਂ ਵੱਧ ਸ਼ਮੂਲੀਅਤ ਦੱਸੀ ਜਾ ਰਹੀ ਹੈ।
ਕੈਨੇਡਾ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮੇਅਰ ਬਰੈਂਡਾ ਲੋਕ ਨੇ ਇਸ ਮਤੇ ਦੀ ਅਗਵਾਈ ਕੀਤੀ, ਜਿਸ ਨੂੰ 26 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਵਿੱਚ ਇਨ੍ਹਾਂ ਅਪਰਾਧਾਂ ਦੀ ਭਿਆਨਕ ਨਤੀਜ਼ਿਆਂ ’ਤੇ ਜ਼ੋਰ ਦਿੱਤਾ ਗਿਆ ਹੈ, ਜੋ ਸਥਾਨਕ ਸਰੋਤਾਂ ਅਤੇ ਰਵਾਇਤੀ ਪੁਲੀਸਿੰਗ ਯਤਨਾਂ ਤੋਂ ਬਾਹਰ ਹੋ ਗਏ ਹਨ। ਕੌਂਸਲ ਹੁਣ ਸੰਘੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਕੇ ਜਾਂ ਇਸ ਦੇ ਬਰਾਬਰ ਦੇ ਅਸਾਧਾਰਨ ਕਦਮ ਚੁੱਕ ਕੇ ਇਸ ਦੀ ਪਾਲਣਾ ਕਰੇ, ਜਿਸ ਨੂੰ ਲੋਕਾਂ ਨੇ ਅੰਤਰਰਾਸ਼ਟਰੀ ਖਤਰਾ ਦੱਸਿਆ ਹੈ।
ਕੌਂਸਲ ਦੀ ਮੀਟਿੰਗ ਦੌਰਾਨ ਮੇਅਰ ਲੋਕ ਨੇ ਕਿਹਾ ਕਿ ਇਹ ਇੱਕ ਅਜਿਹਾ ਸੰਕਟ ਹੈ ਜਿਸ ਨੇ ਪਰਿਵਾਰਾਂ ਨੂੰ ਦਹਿਸ਼ਤ ’ਚ ਕਰ ਦਿੱਤਾ ਹੈ ਅਤੇ ਕਾਰੋਬਾਰ ਘੇਰੇ ਵਿੱਚ ਹਨ। ਸਰੀ ਸ਼ਹਿਰ ਇਹ ਸਵੀਕਾਰ ਕਰਦਾ ਹੈ ਕਿ ਅਸੀਂ ਜਬਰਨ ਵਸੂਲੀ ਅਤੇ ਇਸ ਨਾਲ ਸਬੰਧਤ ਹਿੰਸਾ ਦੇ ਕਾਰਨ ਐਮਰਜੈਂਸੀ ਦੀ ਸਥਿਤੀ ਵਿੱਚ ਹਾਂ ਜਿਸ ਨੇ ਸਾਡੇ ਸ਼ਹਿਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।
ਜਬਰਨ ਵਸੂਲੀ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ
ਕਾਬਿਲੇਗੌਰ ਹੈ ਕਿ ਸਾਲ 2025 ਵਿੱਚ ਸਰੀ ਪੁਲਿਸ ਸਰਵਿਸ ਨੇ ਜਬਰਨ ਵਸੂਲੀ ਦੇ 44 ਮਾਮਲਿਆਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਵਿੱਚ ਕਾਰੋਬਾਰਾਂ, ਘਰਾਂ ਅਤੇ ਵਾਹਨਾਂ 'ਤੇ ਗੋਲੀਬਾਰੀ ਦੇ 27 ਮਾਮਲੇ ਸ਼ਾਮਲ ਸਨ। ਸਿਟੀ ਕੌਂਸਲ ਨੇ ਗ੍ਰਿਫ਼ਤਾਰੀਆਂ ਤੱਕ ਪਹੁੰਚਾਉਣ ਵਾਲੀਆਂ ਸੂਚਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਢਾਈ ਲੱਖ ਡਾਲਰ ਦਾ ਇਨਾਮੀ ਫੰਡ ਸਥਾਪਤ ਕੀਤਾ ਸੀ।
ਹਾਲਾਂਕਿ, 2026 ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ, ਜਿਸ ਵਿੱਚ ਜਨਵਰੀ ਦੇ ਅੱਧ ਤੱਕ ਸਰੀ ਵਿੱਚ ਜਬਰਨ ਵਸੂਲੀ ਦਾ 35ਵਾਂ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਘੱਟੋ-ਘੱਟ ਅੱਠ ਪੁਸ਼ਟੀ ਕੀਤੀਆਂ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ। ਜੇ ਘਟਨਾਵਾਂ ਦੀ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ ਸਾਲ ਦੇ ਅੰਤ ਤੱਕ ਅਜਿਹੇ 600 ਤੋਂ ਵੱਧ ਮਾਮਲੇ ਦੇਖਣ ਨੂੰ ਮਿਲ ਸਕਦੇ ਹਨ।
ਭਾਈਚਾਰੇ ਦੇ ਮੈਂਬਰਾਂ, ਖ਼ਾਸ ਕਰਕੇ ਭਾਰਤੀ-ਕੈਨੇਡੀਅਨ ਡਾਇਸਪੋਰਾ ਨੇ ਡਰ ਅਤੇ ਗੁੱਸਾ ਪ੍ਰਗਟਾਇਆ ਹੈ, ਕੁਝ ਨੇ ਅਧਿਕਾਰੀਆਂ ਦੀ ਸੁਸਤ ਪ੍ਰਤੀਕਿਰਿਆ ਵਿੱਚ ਨਸਲੀ ਪੱਖਪਾਤ ਦਾ ਬਾਰੇ ਕਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਤਿੰਨ ਵਾਰ ਨਿਸ਼ਾਨਾ ਬਣਾਏ ਗਏ 'ਕੈਪਸ ਕੈਫੇ' ਵਿੱਚ ਵਾਰ-ਵਾਰ ਹੋਈ ਗੋਲੀਬਾਰੀ ਵਰਗੀਆਂ ਘਟਨਾਵਾਂ ਹਮਲਾਵਰਾਂ ਦੀ ਬੇਖ਼ੌਫ਼ੀ ਨੂੰ ਦਰਸਾਉਂਦੀਆਂ ਹਨ।
ਇਹ ਵੀ ਪੜ੍ਹੋ : Goldy Brar Parents Arrest : ਪੰਜਾਬ ਪੁਲਿਸ ਦਾ ਗੋਲਡੀ ਬਰਾੜ 'ਤੇ ਵੱਡਾ ਐਕਸ਼ਨ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਾਤਾ-ਪਿਤਾ ਨੂੰ ਕੀਤਾ ਗ੍ਰਿਫ਼ਤਾਰ
- PTC NEWS