Pakistan ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਮਗਰੋਂ ਸਰਬਜੀਤ ਕੌਰ ਉਰਫ ਨੂਰ ਹੁਸੈਨ ਦਾ ਵੱਡਾ ਬਿਆਨ, ਕਿਹਾ- ਉਹ ਪਾਕਿਸਤਾਨ ’ਚ ਹੀ ਰਹੇਗੀ...
ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਹੁਣ ਸ਼ੇਖੂਪੁਰਾ ਸਥਿਤ ਆਪਣੇ ਪਤੀ ਦੇ ਘਰ ਵਾਪਸ ਆ ਗਈ ਹੈ। ਧਰਮ ਪਰਿਵਰਤਨ ਤੋਂ ਬਾਅਦ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖਣ ਵਾਲੀ ਸਰਬਜੀਤ ਨੂੰ ਲਾਹੌਰ ਦੇ ਸ਼ੈਲਟਰ ਹੋਮ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸਦੇ ਵਕੀਲ ਅਹਿਮਦ ਹਸਨ ਪਾਸ਼ਾ ਦੇ ਅਨੁਸਾਰ, ਸਬੰਧਤ ਅਧਿਕਾਰੀਆਂ ਨੇ ਉਸਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਉਹ ਅਤੇ ਉਸਦਾ ਪਤੀ ਪਿਛਲੇ ਅੱਠ ਸਾਲਾਂ ਤੋਂ ਰਿਸ਼ਤੇ ਵਿੱਚ ਹਨ ਅਤੇ ਇਹ ਫ਼ੈਸਲਾ ਸੋਚ-ਵਿਚਾਰ ਕੇ ਲਿਆ ਗਿਆ ਹੈ। ਸੱਚਾ ਪਿਆਰ ਦੋ ਲੋਕਾਂ ਨੂੰ ਇੱਕ-ਦੂਜੇ ਤੱਕ ਲਿਆਉਂਦਾ ਹੈ ਅਤੇ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਬਿਤਾਉਣਾ ਚਾਹੁੰਦੀ ਹੈ। ਉਸਦਾ ਪਤੀ ਨਾਸਿਰ ਹੁਸੈਨ ਵੀ ਮੀਡੀਆ ਸਾਹਮਣੇ ਮੌਜੂਦ ਸੀ ਅਤੇ ਉਸਨੇ ਇਸ ਮੌਕੇ ਖੁਸ਼ੀ ਜਤਾਈ।
ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਚਰਚਾ ਜ਼ੋਰਾਂ ‘ਤੇ ਸੀ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਹਾਲਾਂਕਿ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਉਹ ਆਪਣੇ ਫ਼ੈਸਲੇ ਨੂੰ ਲੈ ਕੇ ਖੁਸ਼ ਅਤੇ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆਈ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਉਹ ਭਾਰਤ ਵਾਪਸੀ ਦੀ ਗੱਲ ਕਰ ਰਹੀ ਸੀ। ਹਾਲਾਂਕਿ ਉਸ ਵੀਡੀਓ ਦੀ ਪੂਰੀ ਸਚਾਈ ਸਪਸ਼ਟ ਨਹੀਂ ਹੋ ਸਕੀ ਸੀ। ਤਾਜ਼ਾ ਬਿਆਨਾਂ ਨਾਲ ਇਹ ਸਾਫ਼ ਹੋ ਗਿਆ ਹੈ ਕਿ ਉਹ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਨਵੰਬਰ 2025 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰੀਬ 1,900 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ। 10 ਦਿਨਾਂ ਦੇ ਦੌਰੇ ਮਗਰੋਂ ਜਥਾ 13 ਨਵੰਬਰ ਨੂੰ ਭਾਰਤ ਵਾਪਸ ਆ ਗਿਆ ਸੀ, ਪਰ ਉਹ ਉਨ੍ਹਾਂ ਦੇ ਨਾਲ ਪਰਤੀ ਨਹੀਂ ਸੀ। ਇਸ ਤੋਂ ਬਾਅਦ ਉਸਦੀ ਸਥਿਤੀ ਨੂੰ ਲੈ ਕੇ ਵੱਖ-ਵੱਖ ਅਨੁਮਾਨ ਲਗਾਏ ਜਾ ਰਹੇ ਸਨ।
ਅਧਿਕਾਰਿਕ ਪੱਖੋਂ ਹਾਲੇ ਤੱਕ ਵਿਸਥਾਰਪੂਰਵਕ ਬਿਆਨ ਸਾਹਮਣੇ ਨਹੀਂ ਆਇਆ, ਪਰ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਉਸਨੂੰ ਆਪਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : FEMA : ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਨੂੰ ਸੰਮਨ ਦਾ ਮਾਮਲਾ, ਸੰਮਨ ਭੇਜਣ ਵਾਲੇ ਸੀਨੀਅਰ ਅਧਿਕਾਰੀ ਦਾ ਹੋਇਆ ਤਬਾਦਲਾ
- PTC NEWS