ਕੇਰਲ 'ਚ ਗਰਭਵਤੀ ਹਥਨੀ ਦੀ ਮੌਤ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ

By  Shanker Badra June 5th 2020 12:18 PM

ਕੇਰਲ 'ਚ ਗਰਭਵਤੀ ਹਥਨੀ ਦੀ ਮੌਤ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ:ਤਿਰੁਅਨੰਤਪੁਰਮ : ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ। ਹਰ ਕੋਈ ਹਥਣੀ ਦੀ ਦਰਦਨਾਕ ਮੌਤ 'ਤੇ ਸ਼ੋਕ ਜਤਾ ਰਿਹਾ ਹੈ ਤੇ ਦੋਸ਼ੀਆਂ 'ਤੇ ਕੜੀ ਕਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਗਰਭਵਤੀ ਹਥਣੀ ਦੇ ਕਤਲ ਦੇ ਮਾਮਲੇ 'ਚ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਰਲ ਦੇ ਜੰਗਲਾਤ ਮੰਤਰੀ ਕੇ ਰਾਜੂ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੇਰਲ ਦੇ ਪਲੱਕੜ 'ਚ ਗਰਭਵਤੀ ਹਥਨੀ ਦੀ ਮੌਤ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗਰਭਵਤੀ ਹਥਨੀ ਦੀ ਮੌਤ ਮਾਮਲੇ 'ਚ ਤਿੰਨ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਕਤਲ 'ਚ ਕਈ ਲੋਕ ਸ਼ਾਮਲ ਸਨ ਅਤੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦਰਅਸਲ 'ਚ ਕੇਰਲ 'ਚ ਸਾਈਲੈਂਟ ਵੈਲੀ ਨੈਸ਼ਨਲ ਪਾਰਕ ਦੀ ਇਕ ਗਰਭਵਤੀ ਹਥਨੀ ਨੂੰ ਕੁਝ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ ਸੀ। ਅਨਾਨਾਸ ਖਾਂਦਿਆਂ ਹੀ ਉਸ ਨਾਲ ਹੋਏ ਧਮਾਕੇ ਨਾਲ ਹਥਨੀ ਦਾ ਜਬਾੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਪੂਰੇ ਹਫ਼ਤੇ ਬਾਅਦ 27 ਮਈ ਨੂੰ ਮਲਮਪੁਰਮ 'ਚ ਵੈੱਲੀਆਰ ਨਦੀ 'ਚ ਹਥਨੀ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗਾ ਕਿ ਹਥਨੀ ਗਰਭਵਤੀ ਸੀ। ਵਣ ਵਿਭਾਗ ਨੇ ਟਵੀਟ ਕਰ ਕੇ ਕਿਹਾ ਹੈ ਕਿ 'ਹਥਨੀ ਦੀ ਮੌਤ ਦੇ ਮਾਮਲੇ 'ਚ ਵਣ ਜੀਵ ਸਾਂਭ-ਸੰਭਾਲ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕਈ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਵਣ ਵਿਭਾਗ ਕੋਈ ਕਸਰ ਨਹੀਂ ਛੱਡੇਗਾ'। -PTCNews

Related Post