ਅਟਾਰੀ ਨੇੜਲੀ BSF ਚੈੱਕ ਪੋਸਟ ਮਹਾਵਾ ਕੋਲੋਂ 7 ਕਿੱਲੋ ਹੈਰੋਇਨ ਬਰਾਮਦ

By  Riya Bawa January 20th 2022 12:42 PM -- Updated: January 20th 2022 02:54 PM

ਅੰਮ੍ਰਿਤਸਰ: ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਇੱਕ ਖੇਪ ਵੀਰਵਾਰ ਤੜਕੇ ਬੀ.ਐਸ.ਐਫ ਦੇ ਜਵਾਨਾਂ ਨੇ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਚੰਗੀ ਤਰ੍ਹਾਂ ਨਾਲ ਪੈਕ ਕੀਤੇ ਲਿਫਾਫੇ ਵਿੱਚੋਂ 7 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪਾਕਿਸਤਾਨੀ ਡਰੋਨ ਬੀਤੀ ਰਾਤ ਭਾਰਤੀ ਖੇਤਰ ਵਿੱਚ ਕ੍ਰੈਸ਼ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਰੈਸ਼ ਹੋਏ ਡਰੋਨ ਦਾ ਪਤਾ ਲਗਾਉਣ ਲਈ ਬੀਐਸਐਫ ਅਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ। ਅਟਾਰੀ ਨੇੜੇ ਸਥਿਤ ਇੱਕ ਪਿੰਡ ਦੇ ਖੇਤ ਵਿੱਚੋਂ ਹੈਰੋਇਨ ਬਰਾਮਦ ਹੋਈ ਹੈ। ਦੱਸ ਦਈਏ ਕਿ ਮੰਗਲਵਾਰ ਦੁਪਹਿਰ ਨੂੰ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਹਵੇਲੀਆਂ ਪਿੰਡ ਨੇੜੇ ਪਾਕਿਸਤਾਨੀ ਡਰੋਨ ਵੀ ਬਰਾਮਦ ਕੀਤਾ ਗਿਆ ਸੀ। ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਹਵੇਲੀਆਂ ਵਿੱਚ ਸਥਿਤ ਬੁਰਜੀ ਨੰਬਰ 124-27,28 ਵਿੱਚ ਤਾਇਨਾਤ ਬੀਐਸਐਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਦੁਪਹਿਰ ਕਰੀਬ 12.05 ਵਜੇ ਪਾਕਿਸਤਾਨ ਵੱਲੋਂ ਡਰੋਨ ਨੂੰ ਆਉਂਦਾ ਦੇਖਿਆ। ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ (ਭਾਰਤੀ ਖੇਤਰ ਵਿੱਚ) ਡਰੋਨ 'ਤੇ ਫਾਇਰ ਕਰਨ ਦੀ ਕਮਾਨ ਸੰਭਾਲੀ ਹੀ ਸੀ ਕਿ ਅਚਾਨਕ ਬੈਟਰੀ ਡਾਊਨ ਹੋਣ ਕਾਰਨ ਇਹ ਜ਼ਮੀਨ 'ਤੇ ਡਿੱਗ ਗਿਆ। ਇਸ ਤੋਂ ਬਾਅਦ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ। ਲਗਾਤਾਰ ਚਾਰ ਦਿਨਾਂ ਤੱਕ ਫੈਲੀ ਧੁੰਦ ਦੇ ਵਿਚਕਾਰ ਪਹਿਲੀ ਵਾਰ ਦਿਨ ਵੇਲੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਡਰੋਨ ਭੇਜਿਆ ਗਿਆ। ਡੀਐਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਡਰੋਨ ਨੌਸ਼ਹਿਰਾ ਢਾਲਾ ਸਰਹੱਦ ’ਤੇ ਸਥਿਤ ਪਿੰਡ ਹਵੇਲੀਆਂ ਦੇ ਵਾਸੀ ਕਿਸਾਨ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਡਿੱਗਿਆ ਸੀ। ਚੀਨ 'ਚ ਬਣੇ ਇਸ ਛੋਟੇ ਆਕਾਰ ਦੇ ਡਰੋਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਰਾਏ ਅਮਾਨਤ ਖਾਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTC News

Related Post