ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 91 ਫੀਸਦੀ ਲਾਇਸੈਂਸੀ ਹਥਿਆਰ ਜਮਾਂ

By  Jasmeet Singh January 19th 2022 07:51 PM -- Updated: January 19th 2022 07:56 PM

ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਪਿੱਛੋਂ 46.66 ਕਰੋੜ ਰੁਪਏ ਦੀਆਂ ਕੀਮਤ ਦੀਆਂ ਵਸਤਾਂ ਕੀਤੀਆ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 20 ਫਰਵਰੀ 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ 'ਚ 3,54,075 ਲਾਇਸੰਸਸ਼ੁਦਾ ਹਥਿਆਰ ਜਮਾਂ ਕਰਵਾਏ ਗਏ ਹਨ।

ਇਹ ਵੀ ਪੜ੍ਹੋ: ਪੈਰਾਸੀਟਾਮੋਲ ਵਰਤਣ ਵੇਲੇ ਰਹੋ ਸਾਵਧਾਨ, ਜਾਣੋ ਇਸਦੇ ਕਾਰਨ

ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਕੁੱਲ 3,90,275 ਲਾਇਸੈਂਸੀ ਹਥਿਆਰਾਂ ਦਾ 91.10 ਫੀਸਦੀ ਬਣਦਾ ਹੈ, ਜਦ ਕਿ ਸੂਬੇ ਵਿੱਚ 27 ਬਿਨਾਂ ਲਾਇਸੈਂਸ ਵਾਲੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ/ਪ੍ਰਾਈਵੇਟ ਬੈਂਕਾਂ ਵਿੱਚ ਤਾਇਨਾਤ ਸੁਰੱਖਿਆ ਕਰਮੀਆਂ ਸਮੇਤ ਨਿੱਜੀ ਸੁਰੱਖਿਆ ਲਈ ਲਾਇਸੰਸਸ਼ੁਦਾ ਹਥਿਆਰ ਰੱਖਣ ਵਾਲੇ ਕੁਝ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੀ ਵਾਜਿਬ ਛੋਟ ਲੈਣ ਜਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਨੀ ਹੋਵੇਗੀ ।

ਡਾ.ਰਾਜੂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ 18 ਜਨਵਰੀ 2022 ਤੱਕ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 46.66 ਕਰੋੜ ਰੁਪਏ ਕੀਮਤ ਦਾ ਸਮਾਨ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਿਗਰਾਨ ਟੀਮਾਂ ਨੇ 2 ਕਰੋੜ ਰੁਪਏ ਦੀ ਕੀਮਤ ਵਾਲੀ 6.60 ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਟੀਮਾਂ ਨੇ 44.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 16 ਲੱਖ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1088 ਵੱਧ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2376 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1129 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਅਤੇ ਬਾਕੀਆਂ ਵਿਰੁੱਧ ਵੀ ਜਲਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 725 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੈਰਾਸੀਟਾਮੋਲ ਵਰਤਣ ਵੇਲੇ ਰਹੋ ਸਾਵਧਾਨ, ਜਾਣੋ ਇਸਦੇ ਕਾਰਨ

ਉਨ੍ਹਾਂ ਦੱਸਿਆ ਕਿ ਗ਼ੈਰ- ਜ਼ਮਾਨਤੀ ਵਾਰੰਟਾਂ ਦੇ 2221 ਕੇਸਾਂ 'ਚ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ 191 ਕੇਸਾਂ 'ਤੇ ਕਾਰਵਾਈ ਅਮਲ ਅਧੀਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ 'ਚ 6339 ਨਾਕੇ ਲਗਾਏ ਗਏ ਹਨ।

-PTC News

Related Post