ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਪਰਤਿਆ ਵਤਨ

By  Riya Bawa November 26th 2021 06:37 PM

ਅੰਮ੍ਰਿਤਸਰ: ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਅਟਾਰੀ ਵਾਘਾ ਸਰਹਦ ਰਾਹੀਂ ਵਤਨ ਪਰਤ ਆਇਆ। ਅਟਾਰੀ ਸਰਹਦ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵਲੋਂ ਜੱਥਾ ਮੈਂਬਰਾਂ ਲਈ ਲੰਗਰ, ਚਾਹ ਪਾਣੀ ਦੇ ਨਾਲ ਨਾਲ ਸੰਗਤਾਂ ਨੂੰ ਅੰਮ੍ਰਿਤਸਰ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ।

ਅਟਾਰੀ ਸਰਹਦ ਰਾਹੀਂ ਭਾਰਤ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਰਧਾਲੂਆਂ ਦੀ ਮੁਕੱਮਲ ਡਾਕਟਰੀ ਜਾਂਚ ਕੀਤੀ ਗਈ।ਇਸ ਮੌਕੇ ਨਨਕਾਣਾ ਸਾਹਿਬ ਸਮੇਤ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਪੰਜਾਬ, ਦਿੱਲੀ, ਹਰਿਆਣਾ, ਜੰਮੂ ਕਸ਼ਮੀਰ ਸਮੇਤ ਵੱਖ ਵੱਖ ਰਾਜਾਂ ਨਾਲ ਸਬੰਧਿਤ ਸ਼ਰਧਾਲੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਦੇ ਦਰਸ਼ਨਾਂ ਦਾ ਮੌਕਾ ਮਿਲਣ ਤੇ ਅਤਿਅੰਤ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਵੱਡੇ ਭਾਗਾਂ ਵਾਲੇ ਹਨ ਉਨ੍ਹਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸਮੇਤ ਵੱਖ ਵੱਖ ਇਤਿਹਾਸਿਕ ਗੁਰੂਦਵਾਰਾ ਸਾਹਿਬਾਨ ਦੇ ਦਰਸ਼ਨ ਕੀਤੇ ਹਨ।

ਉਨ੍ਹਾਂ ਪਾਕਿਸਤਾਨ ਦੇ ਅਵਾਮ ਵਲੋਂ ਮਿਲੇ ਪਿਆਰ ਸਤਿਕਾਰ ਅਤੇ ਜੱਥੇ ਲਈ ਕੀਤੇ ਗਏ ਪ੍ਰਬੰਧਾਂ ਤੇ ਵੀ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਪਾਸੋ ਮੰਗ ਕੀਤੀ ਗਈ ਕਿ ਪਹਿਲਾਂ ਵਾਂਗ ਸਿੱਖ ਜੱਥਾ ਵਿਸ਼ੇਸ਼ ਰੇਲ ਗੱਡੀਆਂ ਪਾਕਿਸਤਾਨ ਭੇਜਿਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਬੱਸਾਂ ਚ ਜਾਣ ਦੀ ਪ੍ਰੇਸ਼ਾਨੀ ਨਾ ਝਲਣੀ ਪਵੇ।

-PTC News

Related Post