ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ , ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਵਿਚ ਖ਼ੁਸ਼ੀ ਦਾ ਮਾਹੌਲ

By  Shanker Badra June 8th 2020 04:33 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ , ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਵਿਚ ਖ਼ੁਸ਼ੀ ਦਾ ਮਾਹੌਲ:ਅੰਮ੍ਰਿਤਸਰ : ਦੇਸ਼ ਭਰ 'ਚ ਅਨਲੌਕ 1 ਦੇ ਪਹਿਲੇ ਗੇੜ 'ਚ ਅੱਜ ਤੋਂ ਧਾਰਮਿਕ ਸਥਾਨ ਤੇ ਜਨਤਕ ਪੂਜਾ ਸਥਾਨ, ਹੋਟਲ, ਰੈਸਟੋਰੈਂਟ ਤੇ ਸ਼ਾਪਿੰਗ ਮਾਲ ਖੋਲ੍ਹੇ ਗਏ ਹਨ। ਇਸ ਦੌਰਾਨ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹਾਲਾਂਕਿ ਹਰ ਸੂਬੇ ਨੇ ਇੱਥੇ ਸਥਿਤੀ ਦੇ ਹਿਸਾਬ ਨਾਲ ਇਜਾਜ਼ਤ ਦਿੱਤੀ ਹੈ। ਦੇਸ਼ ਭਰ ਵਿਚ ਅੱਜ ਧਾਰਮਿਕ ਸਥਾਨ ਖੋਲ੍ਹੇ ਜਾਣ ਦੇ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹਨ।

ਹਾਲਾਂਕਿ ਕੋਰੋਨਾ ਵਾਇਰਸ ਦੇ ਖੌਫ ਕਾਰਨ ਅੱਜ ਬਹੁਤ ਹੀ ਘੱਟ ਗਿਣਤੀ 'ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਰਹੀਆਂ ਹਨ ਪਰ ਇਸ ਮੌਕੇ ਸੰਗਤਾਂ ਵਿਚ ਕਾਫੀ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ। ਅੱਜ ਸਵੇਰੇ ਤੋਂ ਹੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਉਨ੍ਹਾਂ ਗੁਰੂ ਘਰ ਮੱਥਾ ਟੇਕਿਆ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਪੁੱਜੀਆਂ ਸੰਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਮਿਲੀ ਹੈ।

ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਬੋਰਡ ਵੀ ਲਗਾਏ ਹਨ, ਜਿਨ੍ਹਾਂ 'ਚ ਸਮਾਜਿਕ ਦੂਰੀ, ਦਰਸ਼ਨ ਕਰਨ ਲਈ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣ ਤੇ ਸੈਨੇਟਾਈਜ਼ ਕਰਨ ਬਾਰੇ ਕਿਹਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਵਿਡ-19 ਦੇ ਮੱਦੇਨਜ਼ਰ ਸਾਰੇ ਪ੍ਰਬੰਧ ਕੀਤੇ ਹਏ ਹਨ। ਗੁਰਦੁਆਰਿਆਂ ਦੇ ਮੁੱਖ ਗੇਟਾਂ 'ਤੇ ਸੈਨੇਟਾਈਜ਼ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

-PTCNews

Related Post