ਪੁਲਿਸ ਪਾਰਟੀ 'ਤੇ ਇੱਕ ਹੋਰ ਹਮਲਾ, 2 ਮੁਲਾਜ਼ਮ ਪਹੁੰਚੇ ਹਸਪਤਾਲ

By  Panesar Harinder May 13th 2020 04:37 PM

ਜਲਾਲਾਬਾਦ - ਲੌਕਡਾਊਨ ਤੇ ਕਰਫ਼ਿਊ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਦੀ ਇੱਕ ਖ਼ਬਰ ਹੋਰ ਸਾਹਮਣੇ ਆਈ ਹੈ। ਜਲਾਲਾਬਾਦ ਖੇਤਰ ਦੇ ਮੰਨੇਵਾਲਾ ਰੋਡ ਵਿਖੇ ਨਾਕੇ 'ਤੇ ਤਾਇਨਾਤ ਕਾਂਸਟੇਬਲ ਬਲਵਿੰਦਰ ਸਿੰਘ ਨਿਵਾਸੀ ਝਾੜੀਵਾਲਾ ਅਤੇ ਬਲਵਿੰਦਰ ਸਿੰਘ ਨਿਵਾਸੀ ਬਾਹਮਣੀ ਵਾਲਾ 'ਤੇ ਚਾਰ ਨਕਾਬਪੋਸ਼ਾਂ ਨੇ ਲਾਠੀਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਦੋਵੇਂ ਕਾਂਸਟੇਬਲਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਦੋਵੇਂ ਮੁਲਾਜ਼ਮ ਨਾਕੇ 'ਤੇ ਤਾਇਨਾਤ ਸਨ। ਇਨ੍ਹਾਂ 'ਤੇ ਚਾਰ ਨਕਾਬਪੋਸ਼ਾਂ ਨੇ ਹਮਲਾ ਕਰ ਦਿੱਤਾ। ਢਿਲੋਂ ਨੇ ਕਿਹਾ ਕਿ ਹਮਲਾਵਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ ਤੇ ਦੋ ਹੋਰਨਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ 'ਚ ਜ਼ੇਰੇ ਇਲਾਜ ਮੁਲਾਜ਼ਮਾਂ ਨੇ ਦੱਸਿਆ ਕਿ ਮੰਨੇਵਾਲਾ ਰੋਡ 'ਤੇ ਨਾਕੇ 'ਤੇ ਉਨ੍ਹਾਂ ਦੀ ਏ.ਐੱਸ.ਆਈ. ਜਗਦੀਸ਼ ਕੁਮਾਰ ਨਾਲ ਦੀ ਡਿਊਟੀ ਸੀ। ਇੱਕ ਕਾਰ 'ਤੇ ਕੁਝ ਲੋਕ ਆਏ ਅਤੇ ਉਨ੍ਹਾਂ ਦੀ ਏ.ਐੱਸ.ਆਈ. ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਕਾਰ ਸਵਾਰ ਲੋਕ ਏ.ਐੱਸ.ਆਈ. ਨੂੰ ਇਹ ਕਹਿ ਕੇ ਚਲੇ ਗਏ ਕਿ ਉਹ ਉਸ ਨੂੰ ਦੇਖ ਲੈਣਗੇ। ਸੋਮਵਾਰ ਰਾਤ ਨਾਕੇ 'ਤੇ ਡਿਊਟੀ ਦੌਰਾਨ ਚਾਰ ਨਕਾਬਪੋਸ਼ਾਂ ਨੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਜ਼ਖ਼ਮੀ ਕਰਕੇ ਭੱਜ ਗਏ। ਦੋਵੇਂ ਕਾਂਸਟੇਬਲਾਂ 'ਤੇ ਸਿਰ 'ਤੇ ਸੱਟਾਂ ਲੱਗੀਆਂ ਹਨ।

ਏ.ਐੱਸ.ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਲਾਜ਼ਮਾਂ ਨਾਲ ਮੰਨੇਵਾਲਾ ਰੋਡ 'ਤੇ ਡਿਊਟੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਸਿਆਸੀ ਵਿਅਕਤੀ ਨੂੰ ਸਿਰਫ਼ ਇਹੀ ਕਿਹਾ ਸੀ ਕਿ ਜੇਕਰ ਤੁਸੀਂ ਲੰਘਣਾ ਹੈ ਤਾਂ ਆਪ ਹੀ ਤੁਸੀਂ ਤਾਰਾਂ ਨੂੰ ਖੋਲ੍ਹ ਕੇ ਜਾ ਸਕਦੇ ਹੋ। ਜਗਦੀਸ਼ ਕੁਮਾਰ ਨੇ ਕਿਹਾ ਕਿ ਇੱਕ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਉੱਤੇ ਦਬਾਅ ਬਣਾਉਂਦੇ ਹੋਏ ਰਸਤਾ ਖੋਲ੍ਹਣ ਦੀ ਜ਼ਿੱਦ ਕੀਤੀ ਅਤੇ ਮੁਲਾਜ਼ਮਾਂ ਨਾਲ ਬਦਸਲੂਕੀ ਕਰਦੇ ਹੋਏ ਤੇ ਰਿਸ਼ਵਤ ਦਾ ਦੋਸ਼ ਲਗਾਉਣ ਅਤੇ ਆਪਣੀ ਸਿਆਸੀ ਪਹੁੰਚ ਦੇ ਡਰਾਵੇ ਤੇ ਧਮਕੀਆਂ ਵੀ ਦਿੱਤੀਆਂ।

ਉੱਧਰ ਸੰਬੰਧਿਤ ਇਲਾਕੇ ਦੇ ਡੀ.ਐੱਸ.ਪੀ. ਨੇ ਦੱਸਿਆ ਕਿ ਨਰਿੰਦਰ ਸਿੰਘ ਕਾਮਰੇਡ ਉੱਤੇ ਆਨ ਡਿਊਟੀ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Post