411 ਕਰੋੜ ਰੁ. ਦਾ ਇੱਕ ਹੋਰ ਘਪਲਾ, SBI ਦੀ ਸ਼ਿਕਾਇਤ CBI ਕੋਲ

By  Panesar Harinder May 9th 2020 03:21 PM

ਨਵੀਂ ਦਿੱਲੀ - ਭਾਰਤ ਦੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਲੈ ਕੇ ਭੱਜੇ ਮੇਹੁਲ ਚੌਕਸੀ ਤੇ ਵਿਜੇ ਮਾਲਿਆ ਵਰਗੇ 'ਵਿਲਫੁਲ ਡਿਫ਼ਾਲਟਰਾਂ' ਦੇ 68,607 ਕਰੋੜ ਦਾ ਮਸਲਾ ਹਾਲੇ ਲੋਕ ਹਜ਼ਮ ਨਹੀਂ ਕਰ ਪਾਏ ਸੀ ਕਿ ਇੱਕ ਹੋਰ ਘੋਟਾਲੇ ਦੀ ਸ਼ਿਕਾਇਤ ਲੈ ਕੇ ਭਾਰਤ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਨੇ ਸੀਬੀਆਈ ਕੋਲ ਪਹੁੰਚ ਕੀਤੀ ਹੈ। ਅਧਿਕਾਰੀਆਂ ਦੇ ਦੱਸਣ ਅਨੁਸਾਰ ਰਾਮ ਦੇਵ ਇੰਟਰਨੈਸ਼ਨਲ ਦੇ ਤਿੰਨ ਪ੍ਰਮੋਟਰ, ਜਿਨ੍ਹਾਂ ਖ਼ਿਲਾਫ਼ ਹਾਲ ਹੀ ਵਿੱਚ ਸੀ.ਬੀ.ਆਈ. ਨੇ ਛੇ ਬੈਂਕਾਂ ਨਾਲ ਕੁੱਲ 411 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕੀਤੀ ਹੈ, ਐੱਸਬੀਆਈ ਵੱਲੋਂ ਸੀਬੀਆਈ ਕੋਲ ਸ਼ਿਕਾਇਤ ਲੈ ਕੇ ਪਹੁੰਚਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਚੁਕੇ ਹਨ। . ਪੱਛਮੀ ਏਸ਼ੀਆਈ ਅਤੇ ਯੂਰਪੀਅਨ ਦੇਸ਼ਾਂ ਤੱਕ ਬਾਸਮਤੀ ਚੌਲ਼ਾਂ ਦਾ ਵਪਾਰ ਕਰਨ ਵਾਲੀ ਕੰਪਨੀ ਤੇ ਇਸਦੇ 3 ਡਾਇਰੈਕਟਰ ਨਰੇਸ਼ ਕੁਮਾਰ, ਸੁਰੇਸ਼ ਕੁਮਾਰ ਅਤੇ ਸੰਗੀਤਾ ਖ਼ਿਲਾਫ਼ ਸੀਬੀਆਈ ਨੇ ਐੱਸਬੀਆਈ ਦੀ ਸ਼ਿਕਾਇਤ ਦੇ ਅਧਾਰ ’ਤੇ ਕੇਸ ਕੀਤਾ ਸੀ। ਇਸ ਘਪਲੇ 'ਚ ਇਕੱਲੇ ਐੱਸਬੀਆਈ ਵੱਲੋਂ ਹੀ 173 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਬਾਰੇ ਕਿਹਾ ਗਿਆ ਹੈ। ਐੱਸਬੀਆਈ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਕੋਲ ਤਿੰਨ ਚੌਲ਼ ਮਿੱਲਾਂ ਸਨ। ਇਸ ਤੋਂ ਇਲਾਵਾ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਅੱਠ ਸੌਰਟਿੰਗ ਅਤੇ ਗਰੇਡਿੰਗ ਯੂਨਿਟ ਸਨ ਅਤੇ ਵਪਾਰਕ ਉਦੇਸ਼ਾਂ ਲਈ ਸਾਊਦੀ ਅਰਬ ਅਤੇ ਦੁਬਈ ਵਿਖੇ ਦਫ਼ਤਰ ਵੀ ਸਨ। ਇਸ ਵਪਾਰਕ ਸੰਗਠਨ ਵਿੱਚ ਐੱਸਬੀਆਈ ਤੋਂ ਇਲਾਵਾ ਕੈਨਰਾ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਆਈਡੀਬੀਆਈ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਕਾਰਪੋਰੇਸ਼ਨ ਬੈਂਕ ਵੀ ਸ਼ਾਮਲ ਹਨ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਸੀਬੀਆਈ ਨੇ ਕੋਰੋਨਾਵਾਇਰਸ ਕਾਰਨ ਲੱਗੀ ਤਾਲ਼ਾਬੰਦੀ ਕਾਰਨ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਭਾਲ ਨਹੀਂ ਕੀਤੀ। ਏਜੰਸੀ ਦੋਸ਼ੀਆਂ ਨੂੰ ਤਲਬ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ, ਜੇ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੁੰਦੇ ਹਨ ਅਤੇ ਫ਼ੇਰ ਉਨ੍ਹਾਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਅਰੰਭੀ ਜਾਵੇਗੀ। ਐੱਸਬੀਆਈ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, 27 ਜਨਵਰੀ 2016 ਨੂੰ ਖਾਤਾ ਗੈਰ-ਪ੍ਰਦਰਸ਼ਨ ਵਾਲੀ ਸੰਪਤੀ (Non-performing asset or NPA) ਬਣ ਗਿਆ ਸੀ। ਲਗਭਗ 7 ਤੋਂ 9 ਮਹੀਨਿਆਂ ਬਾਅਦ ਅਗਸਤ ਅਤੇ ਅਕਤੂਬਰ ਮਹੀਨੇ ਦੌਰਾਨ ਜਦੋਂ ਬੈਂਕਾਂ ਨੇ ਜਾਇਦਾਦਾਂ ਦਾ ਸਾਂਝੇ ਤੌਰ 'ਤੇ ਨਿਰੀਖਣ ਕੀਤਾ, ਤਾਂ ਉਸ ਵੇਲੇ ਉੱਥੇ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕਰਨਾ ਹੀ ਬੈਂਕਾਂ ਨੂੰ ਠੀਕ ਲੱਗਿਆ।

Related Post