ਬਠਿੰਡਾ ਅਤੇ ਫ਼ਾਜ਼ਿਲਕਾ ਜ਼ਿਲ੍ਹਾ ਵੀ ਕੋਰੋਨਾ ਮੁਕਤ, ਸਾਰੇ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ

By  Shanker Badra May 22nd 2020 05:27 PM

ਬਠਿੰਡਾ ਅਤੇ ਫ਼ਾਜ਼ਿਲਕਾ ਜ਼ਿਲ੍ਹਾ ਵੀ ਕੋਰੋਨਾ ਮੁਕਤ, ਸਾਰੇ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ:ਫ਼ਾਜ਼ਿਲਕਾ : ਕੋਰੋਨਾ ਵਾਇਰਸ ਦੇ ਖੌਫ਼ ਵਿਚਾਲੇ ਅੱਜ ਪੰਜਾਬ ਤੋਂ ਇਕ ਵਾਰ ਫ਼ਿਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪਾਜ਼ੀਟਿਵ ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਸਭ ਦੀਆਂ ਚਿੰਤਾਵਾਂ ਵੱਧ ਗਈਆਂ ਸਨ ਪਰ ਅੱਜ ਰਾਹਤ ਭਰੀ ਖ਼ਬਰ ਇਹ ਹੈ ਕਿ ਫ਼ਾਜ਼ਿਲਕਾ ਜ਼ਿਲੇ ਵਿਚ ਸਾਰੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤ ਗਏ ਹਨ।

ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦੀ ਲੜਾਈ ਲੜ ਰਹੇ 5 ਹੋਰ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਗਏ ਹਨ ਅਤੇ ਹੁਣ ਜ਼ਿਲ੍ਹੇ ਵਿਚ ਕੋਈ ਵੀ ਕੋਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਨਹੀਂ ਹੈ, ਜ਼ਿਲ੍ਹੇ ਵਿਚ ਪਾਏ ਗਏ ਸਾਰੇ 44 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 39 ਮਰੀਜ਼ ਪਹਿਲਾਂ ਹੀ ਪੂਰੀ ਤਰਾਂ ਠੀਕ ਹੋ ਕੇ ਘਰ ਪਰਤ ਚੁੱਕੇ ਸਨ ਅਤੇ ਕੇਵਲ 5 ਜਣੇ ਹੀ ਹਸਪਤਾਲ ਵਿਚ ਸਨ ਸਰਕਾਰ ਅਤੇ ਮੁੱਢਲੀ ਕਤਾਰ 'ਚ ਸੇਵਾਵਾਂ ਦੇ ਰਹੇ ਡਾਕਟਰ ਸਾਹਿਬਾਨ ਦੀ ਮਿਹਨਤ ਨਾਲ ਉਹ ਵੀ ਅੱਜ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਤਰਾਂ ਹੁਣ ਜ਼ਿਲ੍ਹਾ ਫ਼ਾਜ਼ਿਲਕਾ ਇਕ ਵਾਰ ਕੋਰੋਨਾ ਤੋਂ ਮੁਕਤ ਹੋ ਗਿਆ ਹੈ। ਇਸ ਮੌਕੇ ਘਰ ਪਰਤੇ ਰਹੇ ਮਰੀਜ਼ਾ ਨੇ ਡਾਕਟਰੀ ਅਮਲੇ ਦਾ ਧੰਨਵਾਦ ਵੀ ਕੀਤਾ।

ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹਾ ਵੀ ਅੱਜ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਿਆ ਹੈ। ਜ਼ਿਲੇ 'ਚ ਕੋਰੋਨਾ ਦੀ ਲੜਾਈ ਲੜ ਰਹੇ 2 ਹੋਰ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਹੁਣ ਜ਼ਿਲੇ ਵਿਚ ਕੋਈ ਵੀ ਕਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਨਹੀਂ ਹੈ। ਜਾਣਕਾਰੀ ਅਨੁਸਾਰ ਜ਼ਿਲੇ ਵਿਚ ਪਾਏ ਗਏ ਸਾਰੇ 43 ਮਰੀਜ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 41 ਮਰੀਜ਼ ਪਹਿਲਾਂ ਅਤੇ 2 ਹੁਣ ਪੂਰੀ ਤਰਾਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ।

-PTCNews

Related Post