ਜਾਣੋ ਕਿੰਨਾ ਪੌਸ਼ਟਿਕ ਹੁੰਦਾ ਹੈ ਬਾਜਰਾ

By  Panesar Harinder July 12th 2020 12:31 PM

ਆਮ ਤੌਰ ‘ਤੇ ਪੰਜਾਬ ਦੇ ਲੋਕ ਅਨਾਜ ਵਿੱਚ ਕਣਕ ਦੀ ਵਰਤੋਂ ਅਤੇ ਦੀ ਰੋਟੀ ਦੇ ਰੂਪ 'ਚ ਕਰਦੇ ਹਨ ਅਤੇ ਦੇਸ਼ ਦੇ ਅਨੇਕਾਂ ਇਲਾਕਿਆਂ ਅੰਦਰ ਅਨਾਜ ਵਜੋਂ ਚੌਲ਼ ਮੁੱਖ ਰੂਪ 'ਚ ਵਰਤੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਵੀ ਅਨਾਜ ਅਜਿਹੇ ਹੁੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਭੂਰ ਹਨ ਅਤੇ ਇੱਕ ਸਮੇਂ 'ਤੇ ਉਹ ਸਾਡੇ ਭੋਜਨ ਦਾ ਹਿੱਸਾ ਹੁੰਦੇ ਸਨ, ਪਰ ਸਮੇਂ ਦੇ ਬਦਲਦੇ ਬਦਲਦੇ ਉਹ ਸਾਡੀ ਰਸੋਈ ਤੇ ਸਾਡੇ ਭੋਜਨ ਤੋਂ ਦੂਰ ਹੁੰਦੇ ਚਲੇ ਗਏ। ਅਜਿਹਾ ਹੀ ਇੱਕ ਅਨਾਜ ਹੈ ਬਾਜਰਾ। ਪੰਜਾਬ, ਹਰਿਆਣਾ, ਰਾਜਸਥਾਨ ਵਾਸੀਆਂ ਦਾ ਪ੍ਰਮੁੱਖ ਅਨਾਜ ਹੁੰਦਾ ਸੀ। ਬਾਜਰੇ ਦੀ ਰੋਟੀ ਹੋਵੇ ਜਾਂ ਖਿਚੜੀ, ਇਸ ਵਿੱਚ ਮੌਜੂਦ ਗੁਣਕਾਰੀ ਤੱਤ ਨਾ ਸਿਰਫ਼ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ ਬਲਕਿ ਇਹ ਤੁਹਾਡੀ ਇਮਿਊਨਿਟੀ ਨੂੰ ਵੀ ਵਧਾਉਂਦੇ ਹਨ।

Benefits of bajra l healthy food l prevent from anemia

ਬਾਜਰੇ ਵਿੱਚ ਪਾਏ ਜਾਂਦੇ ਪੌਸ਼ਟਿਕ ਤੱਤ

ਬਾਜਰੇ ਵਿੱਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫ਼ਾਸਫ਼ੋਰਸ। ਬਾਜਰੇ ਵਿੱਚ ਇਹ ਤਿੰਨੋ ਹੀ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ। ਨਿਆਸਿਨ ਨਸਾਂ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਫ਼ਾਸਫ਼ੋਰਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਬਾਜਰਾ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਖੂਨ ਦੀ ਕਮੀ (ਅਨੀਮੀਆ) ਹੋਣ ਤੋਂ ਵੀ ਬਚਾਅ ਕਰਦਾ ਹੈ। ਬਾਜਰੇ ਦੀ ਵਰਤੋਂ ਨਾਲ ਪੋਸ਼ਕ ਤੱਤਾਂ ਦੀ ਕਮੀ ਨੂੰ ਕੁਦਰਤੀ ਢੰਗ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਜਰਾ ਲੀਵਰ ਨਾਲ ਜੁੜੇ ਰੋਗਾਂ ਵਿੱਚ ਵੀ ਬਹੁਤ ਲਾਭਕਾਰੀ ਹੈ।

Benefits of bajra l healthy food l prevent from anemia

ਬਾਜਰੇ ਦੇ ਗੁਣ ਅਤੇ ਲਾਭ

ਬਾਜਰਾ ਗਲੂਟਨ ਮੁਕਤ ਹੁੰਦਾ ਹੈ, ਜਿਹਨਾਂ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੈ ਉਸ ਦੇ ਲਈ ਬਾਜਰਾ ਬੇਹੱਦ ਫ਼ਾਇਦੇਮੰਦ ਹੈ। ਬਾਜਰੇ ਵਿੱਚ ਅਮੀਨੋ ਐਸਿਡ ਹੁੰਦਾ ਹੈ, ਜਿਸ ਦੀ ਮਦਦ ਨਾਲ ਇਹ ਅਸਾਨੀ ਨਾਲ ਪਚ ਜਾਂਦਾ ਹੈ। ਜਿਹਨਾਂ ਲੋਕਾਂ ਦਾ ਡਾਈਜੇਸ਼ਨ ਭਾਵ ਪਾਚਨ ਤੰਤਰ ਵਿਗੜਿਆ ਹੁੰਦਾ ਹੈ, ਉਹਨਾਂ ਲਈ ਬਾਜਰਾ ਬਹੁਤ ਫ਼ਾਇਦੇਮੰਦ ਹੈ। ਅਜਿਹੇ ਲੋਕ ਬਾਜਰੇ ਦੀ ਖਿਚੜੀ ਜਾਂ ਰੋਟੀ ਖਾ ਸਕਦੇ ਹਨ। ਬਾਜਰੇ ਦੀ ਰੋਟੀ ਜਾਂ ਖਿਚੜੀ ਦੀ ਵਰਤੋਂ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।

ਕਦੋਂ ਖਾਈਏ ਬਾਜਰਾ

ਬਾਜਰੇ ਨੂੰ ਸਰਦੀਆਂ ਵਿੱਚ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ। ਗਰਮ ਤਾਸੀਰ ਹੋਣ ਦੇ ਕਾਰਨ ਇਹ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ। ਬਾਜਰੇ ਦੀ ਰੋਟੀ ਨੂੰ ਪਾਲਕ ਜਾਂ ਕਿਸੇ ਹੋਰ ਸਬਜ਼ੀ ਦੇ ਨਾਲ ਖਾਧਾ ਜਾ ਸਕਦਾ ਹੈ।

Benefits of bajra l healthy food l prevent from anemia

ਬਾਜਰੇ ਤੋਂ ਤਿਆਰ ਖੁਰਾਕ ਪਦਾਰਥ

ਬਾਜਰੇ ਨੂੰ ਵੱਖੋ-ਵੱਖ ਤਰੀਕਿਆਂ ਨਾਲ ਤਿਆਰ ਕਰਕੇ ਖਾਧਾ ਜਾ ਸਕਦਾ ਹੈ। ਬਾਜਰੇ ਦੀ ਖਿਚੜੀ, ਚਾਟ, ਪੂੜੀ, ਪਕੌੜੇ, ਕਟਲੇਟ, ਵੜਾ, ਢੋਕਲਾ, ਚਿੱਲਾ, ਮਠਰੀ, ਕੜਾਹ, ਚੂਰਮਾ, ਲੱਡੂ ਤੇ ਸੂਪ ਆਦਿ ਬਣਾਏ ਜਾ ਸਕਦੇ ਹਨ ਜੋ ਖਾਣ ਵਿੱਚ ਸਵਾਦ ਭਰਪੂਰ ਵੀ ਹੁੰਦੇ ਹਨ।

ਬਾਜਰਾ ਖਾਣ ਦੇ ਨੁਕਸਾਨ

ਬਾਜਰੇ ਦੇ ਜ਼ਿਆਦਾ ਹਾਨੀਕਾਰਕ ਪ੍ਰਭਾਵ ਨਹੀਂ ਹਨ। ਫਿਰ ਵੀ ਬਾਜਰੇ ਨੂੰ ਠੀਕ ਤਰੀਕੇ ਨਾਲ ਪਚਾਉਣ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ, ਜੋ ਕੁਝ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਹੈ। ਬਾਜਰੇ ਵਿੱਚ ਗੋਈਟ੍ਰੋਜੈਨਿਕ (goitrogenic) ਪਦਾਰਥ ਦੀ ਮਾਤਰਾ ਹੁੰਦੀ ਹੈ ਜੋ ਕਿ ਸ਼ਰੀਰ ਵਿੱਚ ਆਇਓਡੀਨ ਅਵਸ਼ੇਸ਼ਣ ਨੂੰ ਰੋਕਦੀ ਹੈ, ਜਿਸ ਨਾਲ ਥਾਇਰਾਇਡ ਦੀ ਸਮੱਸਿਆ ਹੋਣ ਦਾ ਡਰ ਰਹਿੰਦਾ ਹੈ। ਭੋਜਨ ਵਿੱਚ ਗੋਈਟ੍ਰੋਜੈਨਿਕ ਆਮ ਤੌਰ 'ਤੇ ਖਾਣਾ ਪਕਾਉਣ ਨਾਲ ਘੱਟ ਹੁੰਦੇ ਹਨ ਪਰ ਬਾਜਰੇ ਨੂੰ ਪਕਾਉਣ ਜਾਂ ਗਰਮ ਕਰਨ ਨਾਲ ਗੋਈਟੈਰੋਗੈਨਿਕ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਲਈ ਚੰਗਾ ਹੈ ਕਿ ਥਾਇਰਾਇਡ ਤੋਂ ਪੀੜਿਤ ਲੋਕ ਬਾਜਰੇ ਦੀ ਵਰਤੋਂ ਨਾ ਕਰਨ।

Related Post