ਅਫ਼ਗਾਨਿਸਤਾਨ ਵਿਚ ਸਿੱਖਾਂ ’ਤੇ ਹੋਏ ਹਮਲੇ ਦੀ ਬੀਬੀ ਜਗੀਰ ਕੌਰ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ

By  Shanker Badra July 2nd 2021 08:40 AM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਫ਼ਗਾਨਿਸਤਾਨ ਵਿਚ ਜਲਾਲਾਬਾਦ ਸ਼ਹਿਰ ’ਚ ਵੱਸਦੇ ਘਟਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰਨੇਡ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਅਫ਼ਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਕੇ ਉਥੋਂ ਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਵਾਏ। ਦਫ਼ਤਰ ਤੋਂ ਜਾਰੀ ਬਿਆਨ ’ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਧਰਮ ਸਾਰੀ ਮਨੁੱਖਤਾ ਦਾ ਭਲਾ ਮੰਗਣ ਵਾਲਾ ਧਰਮ ਹੈ। ਅਜਿਹੇ ਹਮਲੇ ਕਰਕੇ ਕੁਝ ਤਾਕਤਾਂ ਸਿੱਖਾਂ ਨੂੰ ਡਰਾਉਣ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਫ਼ਗਾਨਿਸਤਾਨ ’ਚ ਸਿੱਖ ਆਗੂਆਂ ਦੇ ਸਮੂਹ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੇ ਸਿੱਖ ਭਾਈਚਾਰੇ ਦੇ ਕਈ ਸਿਰਕੱਢ ਆਗੂ ਮਾਰ ਦਿੱਤੇ ਗਏ ਸਨ ਅਤੇ ਕਾਬਲ ਦੇ ਗੁਰਦੁਆਰਾ ਸਾਹਿਬ ’ਤੇ ਵੀ ਹਮਲਾ ਕੀਤਾ ਗਿਆ ਸੀ, ਜਿਸ ਵਿਚ ਕਈ ਸਿੱਖਾਂ ਨੇ ਜਾਨ ਗਵਾਈ ਸੀ। ਉਨ੍ਹਾਂ ਕਿਹਾ ਕਿ ਅਸੁਰੱਖਿਅਤ ਹੋਣ ਕਾਰਨ ਅੱਜ ਅਫ਼ਗਾਨਿਸਤਾਨ ’ਚੋਂ ਹਜ਼ਾਰਾਂ ਦੀ ਗਿਣਤੀ ਸਿੱਖ ਹਿਜ਼ਰਤ ਕਰ ਚੁੱਕੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੁਨੀਆ ਭਰ ਦੇ ਦੇਸ਼ਾਂ ’ਚ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਾਜ਼ਮੀ ਬਣਾਉਣ ਲਈ ਸਰਕਾਰਾਂ ਨਾਲ ਗੱਲਬਾਤ ਕਰੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਤਰਜੀਹੀ ਤੌਰ ’ਤੇ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਹਮਲੇ ਵਿਚ ਜ਼ਖ਼ਮੀ ਹੋਏ ਸਿੱਖਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। -PTCNews

Related Post