ਬਿਕਰਮ ਸਿੰਘ ਮਜੀਠੀਆ ਨੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਆਗੂਆਂ ਨੂੰ ਪੋਸਟਾਂ ’ਤੇ ਲਾਉਣ ਲਈ ਕਾਂਗਰਸ 'ਤੇ ਕਸਿਆ ਤਨਜ਼

By  Riya Bawa December 7th 2021 08:05 PM -- Updated: December 7th 2021 08:22 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਗਾਂਧੀ ਪਰਿਵਾਰ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚ ਸਿਖਰਲੀਆਂ ਪੋਸਟਾਂ ’ਤੇ ਲਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ ਤੇ ਪਾਰਟੀ ਨੇ ਕਿਹਾ ਕਿ ਇਸ ਨਾਲ ਸਿੱਖ ਕੌਮ ਨੂੰ ਸਪਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਚੋਣ ਵਾਸਤੇ ਬਣਾਈ ਪਾਰਟੀ ਦੀ ਸਕਰੀਨਿੰਗ ਕਮੇਟੀ ਦੇ ਅਜੈ ਮਾਕਣ ਵਰਗੇ ਤੱਤਾਂ ਨੂੰ ਮੁਖੀ ਲਗਾ ਕੇ ਇਹਨਾਂ ਦੀ ਸਰਪ੍ਰਸਤੀ ਕਰਦੀ ਰਹੇਗੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਦੇ ਸੀਨੀਅਰ ਆਗੂ ਸੱਜਣ ਕੁਮਾਰ ਦੇ ਖਿਲਾਫ ਅਦਾਲਤ ਵਿਚ ਦੋਸ਼ ਆਇਦ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਗਾਂਧੀ ਪਰਿਵਾਰ ਨੇ ਲਲਿਤ ਮਾਕਣ ਜਿਸਨੇ ਸਿੰਖਾਂ ਦੀਆਂ ਜਾਇਦਾਦਾਂ ਤੇ ਗੁਰਦੁਆਰਾ ਸਾਹਿਬਾਨ ਸਾੜਨ ਤੋਂ ਇਲਾਵਾ ਹਜ਼ਾਰਾਂ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ, ਦੇ ਪਰਿਵਾਰ ਨੂੰ ਅਹੁਦੇ ਦੇ ਕੇ ਨਿਵਾਜ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਗਾਂਧੀ ਪਰਿਵਾਰ ਤੇ ਕਾਂਗਰਸ ਹਾਈ ਕਮਾਂਡ ਦੇ ਸਿੱਖਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਪ੍ਰਤੀ ਚਿੰਤਾ ਬਾਰੇ ਸਪਸ਼ਟ ਸੰਕੇਤ ਮਿਲ ਜਾਂਦੇ ਹਨ। ਉਹਨਾਂ ਕਿਹਾ ਕਿ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਸਿੱਖਾਂ ਖਿਲਾਫ ਭੀੜਾਂ ਦੀ ਅਗਵਾਈ ਕਰਨ ਵਾਲੇ 227 ਵਿਅਕਤੀਆਂ ਦੇ ਨਾਂ ਨਸ਼ਰ ਕੀਤੇ ਸਨ ਤੇ ਇਹਨਾਂ ਵਿਚ ਲਲਿਤ ਮਾਕਣ ਦਾ ਨਾਂ ਤੀਜੇ ਨੰਬਰ ’ਤੇ ਸੀ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਗਾਂਧੀ ਪਰਿਵਾਰ ਦੀ ਨੀਤੀ ਉਹਨਾਂ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਣ ਦੀ ਹੈ ਜਿਹਨਾਂ ਨੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਤੇ ਅਜਿਹੇ ਆਗੂਆਂ ਨੂੰ ਵਾਰ ਵਾਰ ਅਹੁਦੇ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਨੀਤੀ ਦੇ ਖਿਲਾਫ ਸਿੱਖਾਂ ਵੱਲੋਂ ਵਾਰ ਵਾਰ ਰੋਸ ਪ੍ਰਗਟਾਉਣ ਦਾ ਗਾਂਧੀ ਪਰਿਵਾਰ ’ਤੇ ਕੋਈ ਅਸਰ ਨਹੀਂ ਪਿਆ ਤੇ ਇਹ ਗੱਲ ਹਾਲ ਹੀ ਵਿਚ ਜਗਦੀਸ਼ ਟਾਈਟਲਰ ਨੁੰ ਦਿੱਲੀ ਵਿਚ ਪਾਰਟੀ ਦੀ ਉਚ ਪੱਧਰੀ ਕਮੇਟੀ ਵਿਚ ਨਿਯੁਕਤ ਕਰਨ ਤੋਂ ਸਾਬਤ ਹੋ ਜਾਂਦੀ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਜੈ ਮਾਕਣ ਨੂੰ ਪੰਜਾਬ ਵਿਚ ਉਮੀਦਵਾਰਾਂ ਦੀ ਚੋਣ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ? ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿਚ ਅਜਿਹੀਆਂ ਨਿਯੁਕਤੀਆਂ ਕਰ ਕੇ ਫਿਰਕੂ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਗਾਂਧੀ ਪਰਿਵਾਰ ਆਪਣੀ ਸਦੀਆਂ ਪੁਰਾਣੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਰਿਹਾ ਹੈ ਤਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਭਾਵਨਾਵਾਂ ਭੜਕਾ ਕੇ ਸਮਾਜ ਵਿਚ ਵੰਡੀਆਂ ਪਾਉਣਾ ਚਾਹੁੰਦਾ ਹੈ। ਬਿਕਰਮ ਸਿੰਘ ਮਜੀਠੀਆ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਨਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਾ ਹੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਾ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮਾਕਣ ਦੀ ਨਿਯੁਕਤੀ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਆਗੂ ਆਪਣੇ ਹਿੱਤਾਂ ਦੀ ਖਾਤਰ ਸਿੱਖਾਂ ਦੇ ਹਿੱਤਾਂ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਇਹ ਸਿਖ਼ਰਲੇ ਕੁਰਸੀਆਂ ’ਤੇ ਨਿਯੁਕਤੀ ਵਾਸਤੇ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ ਤੇ ਇਹਨਾਂ ਅਹੁਦਿਆਂ ’ਤੇ ਨਿਯੁਕਤੀ ਤਾਂ ਹੀ ਸੰਭਵ ਹੈ ਜੇਕਰ ਉਹ ਗਾਂਧੀ ਪਰਿਵਾਰ ਦੀ ਜੀ ਹਜ਼ੂਰੀ ਕਰਨ। ਉਹਨਾਂ ਕਿਹਾ ਕਿ ਇਹਨਾਂ ਨੇ ਮੌਕਾਪ੍ਰਸਤੀ ਤੇ ਲਾਲਚ ਦਾ ਸ਼ਿਖਰ ਵਿਖਾ ਦਿੱਤਾ ਹੈ। ਉਨ੍ਹਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕਦੇ ਵੀ ਆਪਣੇ ਸਵੈ ਮਾਣ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਸੀਂ ‘ਬੱਚਾ ਬਰਦਾਰ ਕਾ, ਦੇਸ਼ ਕੇ ਗੱਦਾਰ ਕਾ’ ਦਾ ਨਾਅਰਾ ਕਦੇ ਨਹੀਂ ਭੁੱਲ ਸਕਦੇ ਜੋ ਇਹਨਾਂ ਕਾਂਗਰਸੀ ਆਗੂਆਂ ਨੇ ਚਲਾਇਆ ਤੇ ਨਾ ਹੀ ਅਸੀਂ ਇਹ ਭੁੱਲ ਸਕਦੇ ਹਾਂ ਕਿ ਇਹ ਕਾਂਗਰਸੀ ਆਗੂ ਹੀ ਦਿੱਲੀ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਵਿਧਵਾ ਕਲੌਨੀ ਬਣਾਉਣ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਵੰਡ ਪਾਊ ਰਾਜਨੀਤੀ ਨੂੰ ਲੋਕ ਰੱਦ ਕਰ ਦੇਣਗੇ ਉਹ ਅਕਾਲੀ ਦਲ ਨਾਲ ਡੱਟਣਗੇ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧ ਹੈ। -PTC News

Related Post