ਕੈਨੇਡਾ ਦੇ ਉਨਟਾਰੀਓ 'ਚ ਸਿੱਖ ਡ੍ਰਾਈਵਰਾਂ ਨੂੰ ਵੱਡੀ ਖੁਸ਼ਖਬਰੀ ਮਿਲਣ ਦੀਆਂ ਤਿਆਰੀਆਂ

By  Joshi September 23rd 2018 12:54 PM -- Updated: September 23rd 2018 01:00 PM

ਕੈਨੇਡਾ ਦੇ ਉਨਟਾਰੀਓ 'ਚ ਸਿੱਖ ਡ੍ਰਾਈਵਰਾਂ ਨੂੰ ਵੱਡੀ ਖੁਸ਼ਖਬਰੀ ਮਿਲਣ ਦੀਆਂ ਤਿਆਰੀਆਂ ਕੈਨੇਡਾ 'ਚ ਸਿੱਖਾਂ ਦੀ ਚਿਰਾਂ ਦੀ ਮੰਗ ਨੂੰ ਹਰੀ ਝੰਡੀ ਮਿਲਣ ਦੀਆਂ ਤਿਆਰੀਆਂ 'ਤੇ ਪੂਰੀ ਕੌਮ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਸੰਬੰਧੀ ਉਨਟਾਰੀਓ ਦੇ ਟਰਾਂਸਪੋਰਟੇਸ਼ਨ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਆਉਂਦੇ ਠੰਢ ਦੇ ਮੌਸਮ ਵਿੱਚ ਦਸਤਾਰਧਾਰੀ ਸਿੱਖ ਡ੍ਰਾਈਵਰਾਂ ਨੂੰ ਹੈਲਮੈਟ ਤੋਂ ਛੋਟ ਮਿਲਣ ਦੀ ਉਮੀਦ ਹੈ। ਹਾਂਲਾਕਿ, ਇਹ ਮੁੱਦਾ ਅਜੇ ਵੀ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਬਿਨ੍ਹਾਂ ਹੈਲਮੇਟ ਡ੍ਰਾਈਵਿੰਗ ਕਰਨੀ ਜਾਨਲੇਵਾ ਸਿੱਧ ਹੋ ਸਕਦੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਿੱਖ ਮੋਟਰਸਾਈਕਲ ਸਵਾਰਾਂ ਲਈ ਇਹ ਮੁੱਦਾ ਕਾਫੀ ਵਿਵਾਦਪੂਰਨ ਰਿਹਾ ਹੈ। ਉਨਟਾਰੀਓ ਪ੍ਰੀਮੀਅਰ ਡਗ ਫ਼ੌਰਡ ਵੱਲੋਂ ਵੀ ਇਸ ਸੰਬੰਧੀ ਹਰੀ ਝੰਡੀ ਦਿੱਤੀ ਗਈ ਹੈ। ਅਧਿਕਾਰਤ ਤੌਰ 'ਤੇ ਇਹ ਐਲਾਨ ਹੋਣ ਤੋਂ ਬਾਅਦ ਸਿੱਖਾਂ ਨੂੰ ਲੋਹ ਟੋਪ ਤੋਂ ਛੋਟ ਦੇਣ ਵਾਲਾ ਚੌਥਾ ਸੂਬਾ ਕੈਨੇਡਾ ਦਾ ਉਨਟਾਰੀਓ ਹੋਵੇਗਾ। ਦੱਸ ਦੇਈਏ ਕਿ ਬੀਸੀ, ਅਲਬਰਟਾ, ਅਤੇ ਮੈਨੀਟੋਬਾ 'ਚ ਪਹਿਲਾਂ ਹੀ ਲੋਹ ਟੋਪ ਤੋਂ ਛੋਟ ਮਿਲੀ ਹੋਈ ਹੈ। ਹਾਂਲਾਕਿ,  ਕੈਨੇਡਾ ਸੇਫ਼ਟੀ ਕੌਂਸਲ ਦੇ ਮੋਟਰਸਾਇਕਲ ਸੁਰੱਖਿਆ ਮਾਮਲਿਆਂ ਦੇ ਮਾਹਿਰ ਮਾਰਕੈਂਡ ਦਾ ਮੰਨਣਾ ਹੈ ਕਿ ਅਜਿਹੀ ਛੋਟ ਦੇਣਾ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਹੈਲਮੈਟ ਨਾਲ ਦੋ ਪਹੀਆ ਵਾਹਨ ਸਵਾਰ ਦੇ ਸਿਰ 'ਤੇ ਸੱਟ ਲੱਗਣ ਤੋਂ ਸੁਰੱਖਿਆ ਰਹਿੰਦੀ ਹੈ। ਜ਼ਿਕਰ-ਏ-ਖਾਸ ਹੈ ਕਿ ਸਾਲ 2005 'ਚ ਬਲਜਿੰਦਰ ਸਿੰਘ ਬਦੇਸ਼ਾ ਜੋ ਕਿ ਇੱਕ ਸਿੱਖ ਵਿਅਕਤੀ ਸੀ, ਨੂੰ ਹੈਲਮੇਟ ਨਾ ਪਾਉਣ ਦੀ ਸੂਰਤ 'ਚ 110 ਡਾਲਰ ਜੁਰਮਾਨਾ ਪਾਇਆ ਗਿਆ ਸੀ। —PTC News

Related Post