ਪਾਰਟੀ ਸਣੇ ਦਿੱਲੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ; ਭਾਜਪਾ 'ਚ ਰਲੇਵੇਂ ਦੀਆਂ ਤਿਆਰੀਆਂ ਮੁਕੰਮਲ

By  Jasmeet Singh September 19th 2022 08:19 AM

ਨਵੀਂ ਦਿੱਲੀ, 19 ਸਤੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੇ ਪਾਰਟੀ ਸਣੇ ਭਾਜਪਾ ਵਿੱਚ ਸ਼ਾਮਲ ਹੋਣਗੇ। ਕਾਬਲੇਗੌਰ ਹੈ ਕਿ ਉਹ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਕੈਪਟਨ ਦੇ ਨਾਲ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ ਅਤੇ ਦੋਹਤਾ ਨਿਰਵਾਨ ਸਿੰਘ ਦੀ ਵੀ ਕੇਸਰੀ ਪਾਰਟੀ 'ਚ ਸ਼ਾਮਲ ਹੋਣ ਦੀ ਉਮੀਦ ਹੈ।

ਕੈਪਟਨ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ ਵਿੱਚ ਰਲੇਵਾਂ ਕਰਨਗੇ। ਇਸ ਤੋਂ ਪਹਿਲਾਂ ਕੈਪਟਨ ਦੇ ਕਈ ਸਾਥੀ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਖ਼ਾਸ ਹਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਉਹ ਇਸ ਸਾਲ ਦੇ ਸ਼ੁਰੂ ਵਿਚ ਭਾਜਪਾ 'ਚ ਜਾ ਰਲੇ ਸਨ।

ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਜਿਸ ਨੂੰ ਵੇਖਦਿਆਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਭਾਜਪਾ ਪੰਜਾਬ ਵਿੱਚ ਪਾਰਟੀ ਦਾ ਪੁਨਰਗਠਨ ਕਰਨ ਦੀ ਤਿਆਰੀ ਵਿਚ ਹੈ। ਅਜਿਹੇ 'ਚ ਪੰਜਾਬ ਲੋਕ ਕਾਂਗਰਸ ਦੇ ਭਾਜਪਾ 'ਚ ਰਲੇਵੇਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਕੈਪਟਨ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪੰਜਾਬ 'ਚ ਅਹਿਮ ਜ਼ਿੰਮੇਵਾਰੀਆਂ ਸੌਂਪ ਸਕਦੀ ਹੈ।

ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਨਾਲ ਟਕਰਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਪੰਜਾਬ ਲੋਕ ਕਾਂਗਰਸ’ (ਪੀ.ਐਲ.ਸੀ.) ਦਾ ਨਿਰਮਾਣ ਕੀਤਾ ਤੇ ਇਸ ਦੇ ਬੈਨਰ ਹੇਠ ਵਿਧਾਨ ਸਭਾ ਚੋਣਾਂ ਲੜੀਆਂ ਪਰ ਉਨ੍ਹਾਂ ਸਮੇਤ ਉਨ੍ਹਾਂ ਦੀ ਪਾਰਟੀ ਦਾ ਇੱਕ ਵੀ ਉਮੀਦਵਾਰ ਚੋਣਾਂ 'ਚ ਜਿੱਤ ਹਾਸਿਲ ਨਹੀਂ ਕਰ ਸਕਿਆ।

ਹਾਲਾਂਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਭਾਜਪਾ ਨਾਲ ਗੱਠਜੋੜ ਕਰਕੇ ਮੈਦਾਨ ਵਿੱਚ ਉੱਤਰੇ ਸਨ। ਜ਼ਿਕਰਯੋਗ ਹੈ ਕਿ ਉਹ ਖ਼ੁਦ ਆਪਣੀ ਪਟਿਆਲਾ ਸੀਟ ਨਹੀਂ ਬਚਾ ਸਕੇ ਅਤੇ ਨਾ ਹੀ ਸੂਬੇ 'ਚ ਕੋਈ ਹੋਰ ਉਮੀਦਵਾਰ ਜਿੱਤ ਪਾਇਆ।

-PTC News

Related Post