ਮੁੱਖ ਮੰਤਰੀ ਵੱਲੋਂ ਸੀ.ਪੀ.ਐਸ ਕੋਲੋਂ ਖੰਡ ਮਿੱਲ ਬਟਾਲਾ ਬਾਰੇ ਵਿਸਤ੍ਰਤ ਪ੍ਰਾਜੈਕਟ ਰਿਪੋਰਟ ਦੀ ਮੰਗ

By  Joshi April 9th 2018 07:55 PM

ਮੁੱਖ ਮੰਤਰੀ ਵੱਲੋਂ ਸੀ.ਪੀ.ਐਸ ਕੋਲੋਂ ਖੰਡ ਮਿੱਲ ਬਟਾਲਾ ਬਾਰੇ ਵਿਸਤ੍ਰਤ ਪ੍ਰਾਜੈਕਟ ਰਿਪੋਰਟ ਦੀ ਮੰਗ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਵੱਲੋਂ ਕਿਸਾਨ ਪੱਖੀ ਪਹਿਲਕਦਮੀਆਂ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਚੰਡੀਗੜ੍ਹ, 9 ਅਪ੍ਰੈਲ: ਖੰਡ ਮਿੱਲ ਦੇ ਪ੍ਰਾਜੈਕਟ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਦਾ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਨੂੰ ਭਰੋਸਾ ਦਿਵਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਤਾਵਿਤ ਬਟਾਲਾ ਖੰਡ ਮਿੱਲ ਬਾਰੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਤੋਂ ਵਿਸਤ੍ਰਤ ਰਿਪੋਰਟ ਦੀ ਮੰਗ ਕੀਤੀ ਹੈ | ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਹਫਤੇ ਬਟਾਲਾ ਵਿਖੇ ਨਵੀਂ ਸਹਿਕਾਰੀ ਖੰਡ ਮਿੱਲ ਸਥਾਪਤ ਕਰਨ ਦਾ ਐਲਾਨ ਕੀਤਾ ਸੀ | ਕੈਪਟਨ ਅਮਰਿੰਦਰ ਸਿੰਘ ਨੇ ਛੇਤੀਂ ਤੋਂ ਛੇਤੀਂ ਇਸ ਸਬੰਧੀ ਵਿਸਤ੍ਰਤ ਪ੍ਰਾਜੈਕਟ ਰਿਪੋਰਟ ਪੇਸ਼ ਕਰਨ ਲਈ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਆਖਿਆ ਹੈ ਤਾਂ ਜੋ ਇਹ ਪ੍ਰਾਜੈਕਟ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕੀਤਾ ਜਾ ਸਕੇ ਅਤੇ ਇਸ ਦਾ ਸਰਹੱਦੀ ਪੱਟੀ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਲਾਭ ਹੋ ਸਕੇ | ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਭਰੋਸਾ ਕਿਸਾਨਾਂ ਦੇ ਚਾਰ ਮੈਂਬਰੀ ਵਫ਼ਦ ਨੂੰ ਇਕ ਮੀਟਿੰਗ ਦੌਰਾਨ ਉਸ ਵੇਲੇ ਦਿਵਾਇਆ ਜਦੋਂ ਇਹ ਵਫ਼ਦ ਬਟਾਲਾ ਵਿਖੇ ਨਵੀਂ ਖੰਡ ਮਿੱਲ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਨ ਵਾਸਤੇ ਉਨ੍ਹਾਂ ਨੂੰ ਮਿਲਣ ਆਇਆ ਕਿਉਂਕਿ ਇਹ ਖੰਡ ਮਿੱਲ ਇਸ ਸਰਹੱਦੀ ਪੱਟੀ ਦੇ ਕਿਸਾਨਾਂ ਲਈ ਜੀਵਨ ਰੇਖਾ ਹੋਵੇਗੀ | ਇਸ ਵਫ਼ਦ ਦੀ ਅਗਵਾਈ ਬੀ.ਕੇ.ਯੂ ਦੇ ਕੌਮੀ ਪ੍ਰਧਾਨ ਅਤੇ ਕੱੁਲ ਕਿਸਾਨ ਤਾਲਮੇਲ ਕਮੇਟੀ ਦੇ ਪ੍ਰਧਾਨ ਸਾਬਕਾ ਐਮ.ਪੀ. ਭੁਪਿੰਦਰ ਸਿੰਘ ਮਾਨ ਨੇ ਕੀਤੀ | ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਕਿਸਾਨ ਪੱਖੀ ਪਹਿਲਕਦਮੀਆਂ ਲਈ ਉਨ੍ਹਾਂ ਦੀ ਸਰਾਹਨਾ ਕਰਦੇ ਹੋਏ ਸ੍ਰੀ ਮਾਨ ਨੇ ਕਿਹਾ ਕਿ ਨਵੀਂ ਖੰਡ ਮਿੱਲ ਸਰਹੱਦੀ ਪੱਟੀ ਦੇ ਕਿਸਾਨਾਂ ਦੇ ਨਾ ਕੇਵਲ ਜੀਵਨ ਵਿਚ ਪਰਿਵਰਤਨ ਲਿਆਉਣ ਵਿਚ ਸਹਾਈ ਹੋਵੇਗੀ ਸਗੋਂ ਇਹ ਇਸ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ | ਉਨ੍ਹਾਂ ਕਿਹਾ ਕਿ ਇਹ ਮਿੱਲ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਅਨੇਕਾਂ ਮੌਕੇ ਮੁਹੱਈਆ ਕਰਵਾਏਗੀ | ਸ੍ਰੀ ਮਾਨ ਨੇ ਕਿਹਾ ਕਿ ਨਵੀਂ ਖੰਡ ਮਿੱਲ ਗੰਨਾ ਉਤਪਾਦਕਾਂ ਲਈ ਬਹੁਤ ਅਹਿਮ ਸਾਬਤ ਹੋਵੇਗੀ ਜਿਸ ਦੇ ਨਾਲ ਉਹ ਆਪਣੇ ਉਤਪਾਦ ਦਾ ਢੁੱਕਵਾਂ ਮੁੱਲ ਪ੍ਰਾਪਤ ਕਰ ਸਕਣਗੇ | ਸ੍ਰੀ ਮਾਨ ਨੇ ਕਿਹਾ ਕਿ 1960ਵਿਆਂ ਵਿਚ ਬਣਾਈ ਗਈ ਪੁਰਾਣੀ ਬਟਾਲਾ ਖੰਡ ਮਿੱਲ ਹੁਣ ਆਰਥਿਕ ਤੌਰ 'ਤੇ ਚੱਲਣ ਦੇ ਕਾਬਲ ਨਹੀਂ ਸੀ ਰਹੀ ਅਤੇ ਇਸ ਦੀ ਬਹੁਤ ਘਟ ਸਮਰਥਾ ਸੀ | ਪੁਰਾਣੀ ਮਸ਼ੀਨਰੀ ਅਤੇ ਵੇਲਾ ਵਿਹਾਅ ਚੁੱਕੀ ਤਕਨਾਲੋਜੀ ਦੇ ਕਾਰਨ ਇਸ ਦੀ ਕਾਰਜ ਪ੍ਰਣਾਲੀ ਢੁੱਕਵੀਂ ਨਹੀਂ ਸੀ | ਇਸ ਦੀ ਪਿੜਾਈ ਸਮਰਥਾ ਵੀ ਬਹੁਤ ਘੱਟ ਸੀ ਜਿਸ ਦੇ ਨਤੀਜੇ ਵਜੋਂ ਘੱਟ ਉਤਪਾਦਕਤਾ ਸੀ | —PTC News

Related Post