ਉਤਰਾਖੰਡ ਦੇ ਮੁੱਖ ਮੰਤਰੀ ਦੇ ਸਵਾਗਤ ਮੌਕੇ ਗੁਰਦੁਆਰਾ ਸਾਹਿਬ ’ਚ ਹੋਈ ਮਰਯਾਦਾ ਦੀ ਉਲੰਘਣਾ ਦਾ ਮਾਮਲਾ

By  Shanker Badra July 28th 2021 04:54 PM

ਅੰਮ੍ਰਿਤਸਰ : ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ ’ਤੇ ਉਸ ਦੇ ਸਵਾਗਤ ਵਿਚ ਮਰਯਾਦਾ ਦੀ ਹੋਈ ਉਲੰਘਣਾ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਤਿੰਨ ਮੈਂਬਰੀ ਕਮੇਟੀ ਨੇ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਪਹੁੰਚ ਕੇ ਪੜਤਾਲ ਕੀਤੀ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆ ਤੇ ਇੰਚਾਰਜ ਧਾਰਮਿਕ ਪੜਤਾਲਾਂ ਅਜੀਤ ਸਿੰਘ ਅਧਾਰਿਤ ਕਮੇਟੀ ਉਤਰਾਖੰਡ ਵਿਖੇ ਭੇਜੀ ਗਈ ਸੀ।

ਇਸ ਕਮੇਟੀ ਨੇ ਸਾਰੇ ਮਾਮਲੇ ਦੀ ਪੜਤਾਲ ਕਰਦਿਆਂ ਪ੍ਰਬੰਧਕਾਂ ਦੇ ਬਿਆਨ ਦਰਜ਼ ਕੀਤੇ। ਸੰਗਤਾਂ ਦੀ ਮਨਸ਼ਾ ਅਨੁਸਾਰ ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਹਨ। ਜਿਸ ’ਤੇ ਸੰਗਤਾਂ ਵਿੱਚੋਂ ਜਰਨੈਲ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ ਤੇ ਅਮਰਜੀਤ ਸਿੰਘ ’ਤੇ ਅਧਾਰਿਤ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਅਗਲਾ ਹੁਕਮ ਆਉਣ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖੇਗੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਜਾਂਚ ਟੀਮ ਜਲਦ ਹੀ ਆਪਣੀ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਆਦੇਸ਼ ਹੋਵੇਗਾ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।

-PTCNews

Related Post