ਦਿਨ-ਬਦਿਨ ਵੱਧ ਰਿਹਾ ਕੋਰੋਨਾ ਦਾ ਪ੍ਰਸਾਰ , ਦੇਸ਼ ਦੇ 5 ਰਾਜਾਂ 'ਚ ਬੈੱਡਾਂ ਅਤੇ ਵੈਂਟੀਲੇਟਰਾਂ ਦੇ ਥੁੜ ਜਾਣ ਦਾ ਖਦਸ਼ਾ

By  Kaveri Joshi June 13th 2020 02:59 PM

ਨਵੀਂ ਦਿੱਲੀ : ਦਿਨ-ਬਦਿਨ ਵੱਧ ਰਿਹਾ ਕੋਰੋਨਾ ਦਾ ਪ੍ਰਸਾਰ , ਦੇਸ਼ ਦੇ 5 ਰਾਜਾਂ 'ਚ ਬੈੱਡਾਂ ਅਤੇ ਵੈਂਟੀਲੇਟਰਾਂ ਦੇ ਥੁੜ ਜਾਣ ਦਾ ਖਦਸ਼ਾ: ਦਿਨ-ਬਦਿਨ ਕੋਰੋਨਾ ਕਾਰਨ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਇਹ ਅਨੁਮਾਨ ਲਗਾਇਆ ਜਾ ਰਿਹਾ ਕਿ ਕੋਰੋਨਾ ਕੇਸਾਂ ਦੇ ਮਾਮਲੇ 'ਚ ਆਉਣ ਵਾਲੇ ਅਗਲੇ ਮਹੀਨਿਆਂ ਦੌਰਾਨ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ । ਦੱਸ ਦੇਈਏ ਕਿ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ 'ਚ ਆਗਾਮੀ ਮਹੀਨਿਆਂ ਯਾਨੀਕਿ ਜੂਨ ਅਤੇ ਅਗਸਤ 'ਚ ਵਾਇਰਸ ਦੀ ਚਪੇਟ 'ਚ ਆਏ ਬਹੁਤਾਤ ਕੇਸ ਵਾਲੇ ਪੰਜ ਸੂਬੇ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਵੈਂਟੀਲੇਟਰਾਂ ਅਤੇ ਬੈੱਡਾਂ ਦੀ ਘਾਟ ਹੋ ਸਕਦੀ ਹੈ ।

https://media.ptcnews.tv/wp-content/uploads/2020/06/WhatsApp-Image-2020-06-13-at-12.46.26-PM.jpeg

ਮਿਲੀ ਜਾਣਕਾਰੀ ਮੁਤਾਬਿਕ ਕੇਂਦਰ ਵਲੋਂ ਇਹ ਖਦਸ਼ਾ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨਾਲ ਕੀਤੀ ਮੀਟਿੰਗ ਦੌਰਾਨ ਸਾਰੀ ਸਥਿਤੀ ਬਾਰੇ ਜਾਣਨ ਉਪਰੰਤ ਜਤਾਇਆ ਗਿਆ । ਜੇਕਰ ਗੱਲ ਕਰੀਏ ਦਿੱਲੀ ਦੀ ਮੌਜੂਦਾ ਸਥਿਤੀ ਦੀ , ਤਾਂ ਉੱਥੇ ਲਗਾਤਾਰ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਚਿੰਤਾ ਜਤਾਈ ਜਾ ਰਹੀ ਹੈ । ਦਿੱਲੀ ਵਿਖੇ ਪਹਿਲਾਂ ਤੋਂ ਹੀ ਹਾਲਾਤ ਵਿਗੜ ਰਹੇ ਹਨ ਅਤੇ ਆਉਣ ਵਾਲੇ ਮਹੀਨਿਆਂ 'ਚ ਵੀ ਜੇਕਰ ਹਲਾਤ ਕਾਬੂ 'ਚ ਨਹੀਂ ਆਉਂਦੇ ਤਾਂ ਉੱਥੇ ਵੀ ਮੁਸ਼ਕਿਲ ਬਣ ਸਕਦੀ ਹੈ ।

ਦੱਸ ਦੇਈਏ ਕਿ ਕੈਬਨਿਟ ਸਕੱਤਰ ਨੇ ਹਸਪਤਾਲ ਬੁਨਿਆਦੀ ਢਾਂਚੇ ਦੀ ਘਾਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੀਤੀ 3 ਜੂਨ ਤੋਂ ਦਿੱਲੀ ਆਈਸੀਯੂ ਬੈੱਡਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਅਤੇ 12 ਜੂਨ ਤੋਂ ਵੈਂਟੀਲੇਟਰਾਂ ਦੀ ਘਾਟ ਦੇਖੀ ਗਈ ਹੈ ਜਦਕਿ ਅਗਾਮੀ 25 ਜੂਨ ਤੋਂ ਆਕਸੀਜਨ ਵਾਲੇ ਅਲੱਗ ਬੈੱਡਾਂ ਦੀ ਕਮੀ ਆਉਣ ਦਾ ਅੰਦੇਸ਼ਾ ਹੈ। ਫਿਲਹਾਲ, ਦਿੱਲੀ ਵਿਚ ਆਕਸੀਜਨ ਦੇ ਨਾਲ ਅਲੱਗ ਬੈੱਡ 3,368 ਹਨ ਜਦਕਿ 582 ਆਈਸੀਯੂ ਬੈੱਡ ਅਤੇ 468 ਵੈਂਟੀਲੇਟਰ ਹਨ। ਤਾਜ਼ਾ ਕੇਸਾਂ ਦੇ ਅੰਕੜਿਆਂ ਮੁਤਾਬਿਕ ਇਹ ਵੀ ਅੰਦੇਸ਼ਾ ਲਗਾਇਆ ਗਿਆ ਹੈ ਕਿ 30 ਜੂਨ ਤੱਕ ਦਿੱਲੀ 'ਚ ਕੇਸਾਂ ਦਾ ਅੰਕੜਾ 91,419 ਤੱਕ ਅੱਪੜ ਸਕਦਾ ਹੈ ।

ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਕਿ ਮਹਾਰਾਸ਼ਟਰ 'ਚ ਜੁਲਾਈ 'ਚ ਵੈਂਟੀਲੇਟਰਾਂ ਅਤੇ ਅਗਸਤ 'ਚ ਆਈ. ਸੀ. ਯੂ. ਬੈਡਾਂ ਦੀ ਕਮੀ ਆ ਸਕਦੀ ਹੈ , ਜਦਕਿ ਤਾਮਿਲਨਾਡੂ 'ਚ ਜੁਲਾਈ 'ਚ ਆਈ. ਸੀ. ਯੂ. ਬੈੱਡਾਂ, ਵੈਂਟੀਲੇਟਰਾਂ ਅਤੇ ਆਕਸੀਜਨ ਵਾਲੇ ਆਇਸੋਲੇਸ਼ਨ ਬੈੱਡਾਂ ਦੀ ਥੁੜ ਆ ਸਕਦੀ ਹੈ ।

ਕੇਂਦਰ ਸਰਕਾਰ ਵਲੋਂ ਦਿੱਲੀ ਅਤੇ ਮਹਾਂਰਾਸ਼ਟਰ ਸਮੇਤ ਤਾਮਿਲਨਾਡੂ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਪੰਜ ਰਾਜਾਂ ਦੇ ਹਲਾਤਾਂ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਇਹਨਾਂ ਸੂਬਿਆਂ ਨੂੰ ਆਈ. ਸੀ. ਯੂ. ਬੈੱਡਾਂ , ਵੈਂਟੀਲੇਟਰਾਂ ਅਤੇ ਆਕਸੀਜਨ ਵਾਲੇ ਆਇਸੋਲੇਸ਼ਨ ਬੈੱਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਰੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਉਪਰੋਕਤ ਸੂਬਿਆਂ ਨੂੰ ਚੌਕਸ ਰਹਿਣ ਲਈ ਅਤੇ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਤਮਾਮ ਕਮੀਆਂ ਨੂੰ ਦਰੁਸਤ ਕਰਨ ਵਾਸਤੇ 2 ਮਹੀਨੇ ਦੇ ਅਗੇਤੇ ਪਲਾਨ ਬਣਾਉਣ ਲਈ ਆਖਿਆ ਗਿਆ ਹੈ ।

Related Post