ਕਾਂਗਰਸ ਦੇ ਸਾਬਕਾ ਵਿਧਾਇਕ ’ਤੇ 1984 ਸਿੱਖ ਕਤਲੇਆਮ ਦੇ ਗਵਾਹ ਨੂੰ ਖਰੀਦਣ ਦੇ ਲੱਗੇ ਦੋਸ਼

By  Shanker Badra September 20th 2018 07:59 PM

ਕਾਂਗਰਸ ਦੇ ਸਾਬਕਾ ਵਿਧਾਇਕ ’ਤੇ 1984 ਸਿੱਖ ਕਤਲੇਆਮ ਦੇ ਗਵਾਹ ਨੂੰ ਖਰੀਦਣ ਦੇ ਲੱਗੇ ਦੋਸ਼:1984 ਸਿੱਖ ਕਤਲੇਆਮ ਦੇ ਮਾਮਲੇ ’ਚ ਕਾਂਗਰਸ ਦੇ ਸਾਬਕਾ ਸਾਂਸਦ ਸੱਜਣ ਕੁਮਾਰ ਦੇ ਖਿਲਾਫ ਗਵਾਹ ਚਾਮ ਕੌਰ ਨੂੰ ਗਵਾਹੀ ਨਾ ਦੇਣ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ ਸਾਹਮਣੇ ਆਈ ਹੈ।ਪੇਸ਼ਕਸ ਨਾ ਮੰਨਣ ’ਤੇ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।ਸੁਲਤਾਨਪੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੈਕਿਸ਼ਨ ਦੀ ਸਮਰਥਕ ਮਹਿਲਾ ਵੱਲੋਂ ਇਸ ਸੰਬੰਧੀ ਚਾਮ ਕੌਰ ਦੇ ਨਾਲ ਸੰਪਰਕ ਕਰਨ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ’ਚ ਆ ਗਈ ਹੈ।ਕਮੇਟੀ ਵੱਲੋਂ ਅੱਜ ਪਟਿਆਲਾ ਹਾਊਸ ਕੋਰਟ ’ਚ ਬੀਬੀ ਚਾਮ ਕੌਰ ਦੀ ਸੁਰੱਖਿਆ ਲਈ ਬਕਾਇਦਾ ਅਰਜੀ ਵੀ ਦਾਇਰ ਕੀਤੀ ਗਈ ਹੈ।

1984 ’ਚ ਸੁਲਤਾਨਪੁਰੀ ਵਿਖੇ ਮਾਰੇ ਗਏ 300 ਸਿੱਖਾਂ ਵਿਚੋਂ ਇੱਕ ਮਾਮਲੇ ’ਚ ਬੀਬੀ ਚਾਮ ਕੌਰ ਦੀ ਅੱਜ ਪਟਿਆਲਾ ਹਾਊਸ ਕੋਰਟ ਵਿਖੇ ਗਵਾਹੀ ਹੋਣੀ ਸੀ।ਉਸਤੋਂ ਪਹਿਲਾ ਚਾਮ ਕੌਰ ਦੀ ਜਾਣਕਾਰ ਇੱਕ ਮਹਿਲਾ ਉਸਦਾ ਆਧਾਰ ਕਾਰਡ ਅਤੇ ਪਛਾਣ ਪੱਤਰ ਆਦਿ ਲੈ ਕੇ ਉਸਨੂੰ ਸੁਲਤਾਨਪੁਰੀ ਵਿਖੇ ਕਿਸੇ ਤੋਂ ਉਸਦੀ ਪੋਤਰੀ ਦੇ ਵਿਆਹ ਲਈ ਸਹਾਇਤਾ ਦਿਵਾਉਣ ਦੀ ਗੱਲ ਕਰਦੀ ਹੈ।ਬੀਤੀ ਸ਼ਾਮ ਜਦੋਂ ਚਾਮ ਕੌਰ ਤਿਲਕ ਵਿਹਾਰ ਤੋਂ ਆਪਣੀ ਲੜਕੀ ਦੇ ਘਰ ਸੁਲਤਾਨਪੁਰੀ ਜਾਂਦੀ ਹੈ ਤਾਂ ਉਕਤ ਮਹਿਲਾ ਚਾਮ ਕੌਰ ਨੂੰ ਪੈਸੇ ਦੇ ਬਦਲੇ ਗਵਾਹੀ ਨਾ ਦੇਣ ਦੀ ਪੇਸ਼ਕਸ ਕਰਦੀ ਹੈ।ਚਾਮ ਕੌਰ ਵੱਲੋਂ ਇਨਕਾਰ ਕਰਨ ਉਪਰੰਤ ਉਹ ਮਹਿਲਾ ਜਿਆਦਾ ਪੈਸੇ ਦਿਵਾਉਣ ਦਾ ਲਾਲਚ ਦਿੰਦੇ ਹੋਏ ਬਾਹਰ ਜੈਕਿਸ਼ਨ ਦੇ ਗੱਡੀ ’ਚ ਬੈਠੇ ਹੋਣ ਦੀ ਜਾਣਕਾਰੀ ਦੇ ਕੇ ਜੈਕਿਸ਼ਨ ਨਾਲ ਮੁਲਾਕਾਤ ਕਰਨ ’ਤੇ ਜੋਰ ਦਿੰਦੀ ਹੈ ਪਰ ਚਾਮ ਕੌਰ ਉਕਤ ਮਹਿਲਾ ਨੂੰ ਇਨਕਾਰ ਕਰਦੇ ਹੋਏ ਅੱਜ ਅਦਾਲਤ ’ਚ ਗਵਾਹੀ ਦੇਣ ਲਈ ਪੁੱਜ ਜਾਂਦੀ ਹੈ।ਜੱਜ ਦੇ ਛੁੱਟੀ ’ਤੇ ਹੋਣ ਕਰਕੇ ਚਾਮ ਕੌਰ ਦੀ ਗਵਾਹੀ ਨਹੀਂ ਹੋ ਪਾਉਂਦੀ ਹੈ।

ਇਸ ਬਾਰੇ ਅਦਾਲਤ ਕੰਪਾਉਂਡ ’ਚ ਮੌਜੂਦ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਜਾਣਕਾਰੀ ਦਿੰਦੇ ਹੋਏ ਸੱਜਣ ਕੁਮਾਰ ਅਤੇ ਉਸਦੇ ਸਾਥੀਆਂ ’ਤੇ 3 ਗਵਾਹਾਂ ਨੂੰ ਧਮਕਾਉਣ ਦਾ ਦੋਸ਼ ਲਗਾਇਆ।ਜੌਲੀ ਨੇ ਕਿਹਾ ਕਿ ਜੋਗਿੰਦਰ ਸਿੰਘ, ਪੋਪਰੀ ਕੌਰ ਤੋਂ ਬਾਅਦ ਹੁਣ ਚਾਮ ਕੌਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਚਾਮ ਕੌਰ ਨੂੰ ਧਮਕਾਉਣ ਅਤੇ ਲਲਚਾਉਣ ਦੀ ਪੇਸ਼ਕਸ ਕਰਨ ਵਾਲੀ ਮਹਿਲਾ ਜੈਕਿਸ਼ਨ ਦੀ ਸਮਰਥਕ ਦੱਸੀ ਜਾਂਦੀ ਹੈ।ਜਿਸਨੇ ਚਾਮ ਕੌਰ ਦੇ ਨਾਲ ਹੀ 1984 ਦੀ ਲੜਾਈ ਲੜ ਰਹੇ ਗੁਰਦੁਆਰਾ ਕਮੇਟੀ ਦੇ ਪੈਰੋਕਾਰਾਂ ਸਣੇ ਵਕੀਲਾਂ ਨੂੰ ਵੀ ਵੇਖ ਲੈਣ ਦੀ ਧਮਕੀ ਦਿੱਤੀ ਹੈ।ਕਿਉਂਕਿ ਇਹ ਮਾਮਲਾ ਗਵਾਹਾਂ ਦੀ ਸੁਰੱਖਿਆ ਨਾਲ ਜੁੜਿਆ ਹੈ।ਇਸ ਕਰਕੇ ਅਸੀਂ ਅਦਾਲਤ ’ਚ ਸੁਰੱਖਿਆ ਲਈ ਅਪੀਲ ਦਾਇਰ ਕਰ ਦਿੱਤੀ ਹੈ। ਜੌਲੀ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ’ਚ ਜੈਕਿਸ਼ਨ, ਸੱਜਣ ਕੁਮਾਰ ਅਤੇ ਵਿਚੋਲੀ ਮਹਿਲਾ ਦੀ ਕਾੱਲ ਡਿਟੇਲ ਕੱਢਣ ਦੀ ਅਪੀਲ ਕਰਦੇ ਹੋਏ ਸਿੱਖ ਕਤਲੇਆਮ ਦੇ ਸਮੂਹ ਮਾਮਲਿਆਂ ਦੀ ਸੁਣਵਾਈ ਰੋਜ਼ਾਨਾ ਕਰਨ ਦੀ ਮੰਗ ਕੀਤੀ ਹੈ।

-PTCNews

Related Post