ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲ ਮਹਿਕਮੇ ਦੀਆਂ ਖਾਲੀ ਅਸਾਮੀਆਂ ਸੇਵਾਮੁਕਤ ਪਟਵਾਰੀਆਂ ਨਾਲ ਭਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ

By  Jashan A August 13th 2019 04:14 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲ ਮਹਿਕਮੇ ਦੀਆਂ ਖਾਲੀ ਅਸਾਮੀਆਂ ਸੇਵਾਮੁਕਤ ਪਟਵਾਰੀਆਂ ਨਾਲ ਭਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਬਿਕਰਮ ਮਜੀਠੀਆ ਨੇ ਪੁੱਛਿਆ ਕਿ ਢਾਈ ਸਾਲ ਬਾਅਦ ਵੀ ਸਰਕਾਰ ਖਾਲੀਆਂ ਅਸਾਮੀਆਂ ਵਾਸਤੇ ਨਵੀਂ ਭਰਤੀ ਕਰਨ ਤੋਂ ਟਾਲਾ ਕਿਉਂ ਵੱਟ ਰਹੀ ਹੈ? ਕਿਹਾ ਕਿ ਅਕਾਲੀ ਦਲ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਲਈ ਅੰਦੋਲਨ ਚਲਾਏਗਾ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੇ ਮਾਲ ਮਹਿਕਮੇ ਦੀਆਂ ਖਾਲੀ ਆਸਾਮੀਆਂ ਸੇਵਾਮੁਕਤ ਪਟਵਾਰੀਆਂ ਨਾਲ ਭਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਾਰੇ ਮਹਿਕਮਿਆਂ ਦੀਆਂ ਖਾਲੀ ਪਈਆਂ ਅਸਾਮੀਆਂ ਨਵੀਂ ਭਰਤੀ ਰਾਹੀਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਪਾਰਟੀ ਨੇ ਠੇਕੇ ਉੱਤੇ ਭਰਤੀ ਕੀਤੇ 27 ਹਜ਼ਾਰ ਕਾਮਿਆਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਪਾਸ ਕੀਤੀ ਤਜ਼ਵੀਜ਼ ਦੇ ਅਨੁਸਾਰ ਤੁਰੰਤ ਪੱਕੇ ਕਰਨ ਲਈ ਕਿਹਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮਾਲ ਮਹਿਕਮੇ ਦੀਆਂ ਖਾਲੀ ਆਸਾਮੀਆਂ ਨੂੰ ਭਰਨ ਲਈ 13 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਸਰਕਾਰ ਨੇ ਇਹ ਆਸਾਮੀਆਂ ਉੱਤੇ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਕਰਨ ਦਾ ਫੈਸਲਾ ਕਰ ਲਿਆ ਹੈ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਵੱਲੋਂ ਝੋਨਾ ਲਗਾਉਣ ਦੇ ਮੁੱਦੇ 'ਤੇ ਕਿਸਾਨਾਂ ਨਾਲ ਖੜਨ ਦਾ ਫੈਸਲਾ ਨੌਜਵਾਨਾਂ ਨੂੰ ਬੇਵਕੂਫ ਬਣਾਉਣ ਲਈ ਸਰਕਾਰ ਦੁਆਰਾ ਬਣਾਏ ਜਾ ਰਹੇ ਬਹਾਨੇ ਕਿ ਨਵੇਂ ਪਟਵਾਰੀਆਂ ਨੂੰ ਸਿਖਲਾਈ ਦੇਣ ਤੋਂ ਬਾਅਦ ਮਹਿਕਮੇ ਦਾ ਕੰਮ-ਕਾਜ ਸੰਭਾਲਣ ਉੱਤੇ ਸਮਾਂ ਲੱਗੇਗਾ, ਨੂੰ ਰੱਦ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਜਦੋਂ ਸਰਕਾਰ ਨੇ ਸੱਤਾ ਦੀ ਵਾਂਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਤੋਂ ਇਸ ਨੂੰ ਇਹ ਪ੍ਰਕਿਰਿਆ ਸ਼ੁਰੂ ਕਰਨ ਤੋਂ ਕੌਣ ਰੋਕ ਰਿਹਾ ਸੀ? ਉਹਨਾਂ ਕਿਹਾ ਕਿ ਸੱਤਾ ਵਿਚ ਆਉਣ ਮਗਰੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ ਦੀ ਹੱਦ ਲੰਘ ਚੁੱਕੇ ਪੋਤੇ ਨੂੰ ਡੀਐਸਪੀ ਲਗਾਉਣ ਲਈ ਸਰਕਾਰ ਨੇ ਸਾਰੇ ਕਾਨੂੰਨਾਂ ਅਤੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਸੀ, ਪਰੰਤੂ ਇਸ ਨੂੰ ਹੁਣ ਤਕ ਖਾਲੀ ਆਸਾਮੀਆਂ ਉੱਤੇ ਯੋਗ ਨੌਜਵਾਨਾਂ ਦੀ ਭਰਤੀ ਕਰਨ ਦਾ ਸਮਾਂ ਨਹੀਂ ਮਿਲਿਆ। ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਅਤੇ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਵਰਗੇ ਨਾਅਰਿਆਂ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਠੱਗਿਆ ਸੀ, ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਚੁੱਕਿਆ ਹੈ, ਪਰੰਤੂ ਇਸ ਨੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੁੱਝ ਨਹੀਂ ਕੀਤਾ ਹੈ। ਹੋਰ ਪੜ੍ਹੋ:ਨਵਜੋਤ ਸਿੱਧੂ ਦੇ 'ਕੁੱਤਾ-ਬਿੱਲਾ ਟੈਕਸ' ਨੇ ਆਮ ਆਦਮੀ ਉੱਤੇ ਬੋਝ ਪਾਇਆ: ਅਕਾਲੀ ਦਲ ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਦੇ ਅਵੇਸਲੇਪਣ ਅਤੇ ਲਾਪਰਵਾਹੀ ਕਰਕੇ ਸੱਭਿਅਕ ਸਮਾਜ ਅੰਦਰ ਅਰਾਜਕਤਾ ਫੈਲੀ ਹੈ, ਜਿਹੜੀ ਇੱਕ ਸਮੁੱਚੀ ਪੀੜ੍ਹੀ ਦੇ ਸੁਫਨਿਆਂ ਨੂੰ ਤਬਾਹ ਕਰ ਦੇਵੇਗੀ , ਸਰਦਾਰ ਮਜੀਠੀਆ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਪੱਕੇ ਕਰਨ ਦੀ ਆੜ ਵਿਚ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਵਾਲੇ ਠੇਕੇ ਉੁੱਤੇ ਰੱਖੇ ਅਧਿਆਪਕਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਣ ਲਈ ਮਜ਼ਬੂਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਸਮੇਂ ਸਾਰੇ ਨੌਜਵਾਨ ਕਾਂਗਰਸ ਸਰਕਾਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ। ਦੋ ਦਿਨ ਪਹਿਲਾਂ ਟੀਈਟੀ ਪਾਸ ਬੀਐਡ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਇਸ ਬੋਲੀ ਸਰਕਾਰ ਨੂੰ ਬੇਰੁਜ਼ਗਾਰ ਨੌਜਵਾਨਾਂ ਦੀ ਦੁਰਦਸ਼ਾ ਦੀ ਕਹਾਣੀ ਸੁਣਾਉਣ ਲਈ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ ਸੀ।ਇਹ ਕਹਿੰਦਿਆਂ ਕਿ ਹੁਣ ਬਹਾਨੇ ਘੜਣ ਦਾ ਸਮਾਂ ਪੁੱਗ ਚੁੱਕਿਆ ਹੈ, ਅਕਾਲੀ ਆਗੂ ਨੇ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਸਰਕਾਰ ਵੱਲੋਂ ਕੀਤੀ ਜਾ ਰਹੀ ਆਨਾਕਾਨੀ ਦੇ ਬਹੁਤ ਭਿਆਨਕ ਸਿੱਟੇ ਨਿਕਲ ਰਹੇ ਹਨ। ਹੋਰ ਪੜ੍ਹੋ:ਸਪੀਕਰ ਸਾਹਬ ! ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਇਜਲਾਸ ਨੂੰ ਵੱਡਾ ਕਰੋ: ਬਿਕਰਮ ਸਿੰਘ ਮਜੀਠੀਆ ਉਹਨਾਂ ਕਿਹਾ ਕਿ ਹਾਲ ਹੀ ਵਿਚ ਮਾਨਸਾ ਦੇ ਇੱਕ ਐਮਫਿਲ ਅਤੇ ਯੂਜੀਸੀ ਨੈਟ ਪਾਸ ਸਕਾਲਰ ਜਗਸੀਰ ਸਿੰਘ ਨੇ ਇਸ ਲਈ ਖੁਦਕੁਸ਼ੀ ਕਰ ਲਈ ਸੀ, ਕਿਉਂਕਿ ਉਸ ਨੂੰ ਆਪਣੀਆਂ ਦੋ ਭੈਣਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਵਾਸਤੇ ਮਜ਼ਦੂਰੀ ਕਰਨੀ ਪੈ ਰਹੀ ਸੀ।ਇਸ ਤੋਂ ਪਹਿਲਾਂ ਵਿਦਿਅਕ ਯੋਗਤਾ ਹੋਣ ਦੇ ਬਵਾਜੂਦ ਕੋਈ ਵੀ ਨੌਕਰੀ ਨਾ ਮਿਲਣ ਕਰਕੇ ਹਰਮਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਖਤਰਨਾਕ ਰੁਝਾਣ ਹੈ ਕਿ ਹੁਣ ਨੌਜਵਾਨ ਦੀ ਕਿਸਾਨਾਂ ਵਾਂਗ ਖੁਦਕੁਸ਼ੀਆਂ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ 1200 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦੇਵੇਗਾ। ਉਹਨਾਂ ਕਿਹਾ ਕਿ ਰੁਜ਼ਗਾਰ ਮੇਲਿਆਂ ਦੇ ਨਾਂ ਉੱਤੇ ਕੀਤੀ ਜਾ ਰਹੀ ਡਰਾਮੇਬਾਜ਼ੀ ਹੁਣ ਹੋਰ ਨਹੀਂ ਚੱਲੇਗੀ। ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦੇ ਅਨੁਸਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਕਰਨ ਲਈ ਅਸੀ ਇੱਕ ਰਾਜ-ਪੱਧਰੀ ਅੰਦੋਲਨ ਸ਼ੁਰੂ ਕਰਾਂਗੇ। -PTC News

Related Post