ਕੋਰੋਨਾ ਦੀ ਵੈਕਸੀਨ ਮਿਲ ਗਈ !... ਇਟਲੀ ਨੇ ਕੀਤਾ ਦਾਅਵਾ

By  Panesar Harinder May 6th 2020 01:19 PM

ਵੈਨਿਸ - ਸਾਰੀ ਦੁਨੀਆ ਨੂੰ ਰੁਕਣ ਲਈ ਮਜਬੂਰ ਕਰ ਦੇਣ ਵਾਲੀ ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਦੀ ਚਿੰਤਾ ਵਿਚਕਾਰ ਯੂਰੋਪ ਤੋਂ ਆਈ ਇੱਕ ਖ਼ਬਰ ਨੇ ਸਭ ਦਾ ਧਿਆਨ ਆਪਣੇ ਵੱਲ੍ਹ ਖਿੱਚ ਲਿਆ ਹੈ। ਯੂਰਪੀ ਮੁਲਕ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹਾਮਾਰੀ ਦਾ ਟੀਕਾ ਲੱਭ ਲਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਉਨ੍ਹਾਂ ਐਂਟੀਬਾਡੀਜ਼ ਨੂੰ ਲੱਭ ਲਿਆ ਜਿਨ੍ਹਾਂ ਨੇ ਮਨੁੱਖੀ ਸੈੱਲਾਂ ਚ ਮੌਜੂਦ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ ਹੈ।

ਮੰਗਲਵਾਰ ਨੂੰ ਸਾਇੰਸ ਟਾਈਮਜ਼ ਚ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਹੈ, “ਰੋਮ ਦੀ ਛੂਤ ਵਾਲੀ ਬਿਮਾਰੀ ਨਾਲ ਜੁੜੇ ਸਪਲਾਂਜਨੀ ਹਸਪਤਾਲ ਚ ਟੈਸਟ ਕੀਤਾ ਗਿਆ ਹੈ ਤੇ ਚੂਹਿਆਂ ਚ ਐਂਟੀ-ਬਾਡੀ ਤਿਆਰ ਕੀਤੀ ਗਈ ਹੈ। ਫਿਰ ਇਹ ਮਨੁੱਖਾਂ 'ਤੇ ਵਰਤੀ ਗਈ ਤੇ ਇਸ ਨੇ ਆਪਣਾ ਪ੍ਰਭਾਵ ਦਿਖਾਇਆ।'

ਰੋਮ ਦੇ ਲਜ਼ਾਰੋ ਸਪਲਾਂਜ਼ਨੀ ਨੈਸ਼ਨਲ ਇੰਸਟੀਚਿਊਟ ਫਾਰ ਇਨਫੈਕਸ਼ਿਅਸ ਡਿਜ਼ੀਜ਼ ਦੇ ਖੋਜਕਰਤਾਵਾਂ ਦਾ ਕਹਿਣ ਹੈ ਕਿ ਜਦੋਂ ਇਸ ਵੈਕਸੀਨ ਦੀ ਵਰਤੋਂ ਮਨੁੱਖਾਂ ਉੱਤੇ ਕੀਤੀ ਗਈ ਤਾਂ ਇਹ ਦੇਖਣ ਨੂੰ ਮਿਲਿਆ ਕਿ ਇਸਨੇ ਸੈੱਲ ਚ ਮੌਜੂਦ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੱਤਾ। ਇਹ ਯੂਰਪ ਦਾ ਪਹਿਲਾ ਹਸਪਤਾਲ ਹੈ ਜਿਸ ਨੇ Covid -19 ਦੇ ਜੀਨੋਮ ਕ੍ਰਮ ਨੂੰ ਆਈਸੋਲੇਟ ਕੀਤਾ ਸੀ।

WHO ਨੇ ਅੱਜ ਹੀ ਦਿੱਤੀ ਸੀ ਇੱਕ ਗੰਭੀਰ ਚਿਤਾਵਨੀ

ਇਹ ਦੇਖਣ ਵਾਲੀ ਗੱਲ ਹੈ ਕਿ ਇਟਲੀ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਦੇ Covid -19 ਮਹਾਂਮਾਰੀ ਨਾਲ ਜੁੜੇ ਮਾਹਰਾਂ ਨੇ ਇਹ ਕਿਹਾ ਸੀ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਮਿਲੇ ਹੀ ਨਾ, ਜਿਵੇਂ ਕਿ ਐਚਆਈਵੀ ਅਤੇ ਡੇਂਗੂ ਦੀ ਵੈਕਸੀਨ ਨਹੀਂ ਮਿਲ ਪਾਈ ਹੈ।

ਦੱਸ ਦੇਈਏ ਕਿ ਪਿਛਲੇ ਚਾਰ ਦਹਾਕਿਆਂ ਚ ਐਚਆਈਵੀ ਦੇ ਕਾਰਨ 3.4 ਕਰੋੜ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ਚ 3.5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਇਟਲੀ ਨੇ ਇਸ ਦਾ ਬਹੁਤ ਭਾਰੀ ਪ੍ਰਕੋਪ ਹੰਢਾਇਆ। ਹੁਣ ਤੱਕ ਇਟਲੀ 'ਚ ਕੁੱਲ 2 ਲੱਖ 13 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਜਾ ਚੁੱਕੀ ਹੈ। 98 ਹਜ਼ਾਰ ਤੋਂ ਵੱਧ ਮਾਮਲੇ ਇਟਲੀ 'ਚ ਇਸ ਵੇਲੇ ਵੀ ਸਿਹਤ ਵਿਭਾਗ ਦੇ ਕੋਲ ਹਨ ਅਤੇ 85 ਹਜ਼ਾਰ ਤੋਂ ਵੱਧ ਲੋਕਾਂ ਦੇ ਠੀਕ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਜਿੱਥੇ ਤੱਕ ਭਾਰਤ ਦੀ ਗੱਲ ਹੈ, ਭਾਰਤ ਅੰਦਰ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਉਣ ਵਾਲੇ 1695 ਲੋਕਾਂ ਦੀ ਮੌਤਾਂ ਹੋ ਚੁੱਕੀ ਹੈ। ਦੇਸ਼ ਭਰ ਵਿੱਚ 33 ਹਜ਼ਾਰ 558 ਮਾਮਲੇ ਸਿਹਤ ਵਿਭਾਗ ਕੋਲ ਹਨ ਅਤੇ 14 ਹਜ਼ਾਰ ਤੋਂ ਵੱਧ ਲੋਕ ਇਸ ਤੋਂ ਠੀਕ ਹੋ ਚੁੱਕੇ ਹਨ।

Related Post