ਕੋਰੋਨਾ ਮਹਾਮਾਰੀ ਦਾ ਮੁਸ਼ਕਿਲ ਸਮਾਂ ਤੇ 'ਘਰ 'ਚ ਕੈਦ' ਹੋਣ ਦਾ ਮਾਨਸਿਕ ਦਬਾਅ, ਅੰਤਰਰਾਸ਼ਟਰੀ ਮਾਹਿਰਾਂ ਦੀ ਰਾਏ ਅਤੇ Work from Home ਬਾਰੇ ਅਹਿਮ ਜਾਣਕਾਰੀ

By  Panesar Harinder March 30th 2020 11:03 AM

ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆਉਣ ਤੋਂ ਬਾਅਦ, ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਘਰ ਰਹਿਣਾ ਪੈ ਰਿਹਾ ਹੈ। ਲੰਮੇ ਸਮੇਂ ਤੱਕ ਬੰਨ੍ਹਵੀਂ ਤਰਤੀਬ 'ਚ ਲੱਗੀ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਟੁੱਟ ਕੇ ਰਹਿਣ ਦਾ, ਮਾਨਸਿਕ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ। 26 ਮਾਰਚ, 2020 ਨੂੰ ਇੱਕ ਪ੍ਰੈਸ ਵਾਰਤਾ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਨੇ ਵੀ COVID -19 ਮਹਾਮਾਰੀ ਕਾਰਨ ਦੁਨੀਆ ਭਰ ਦੇ ਲੋਕਾਂ ਨੂੰ ਦਰਪੇਸ਼ ਮਾਨਸਿਕ ਅਤੇ ਮਨੋਵਿਗਿਆਨਕ ਸਿਹਤ 'ਤੇ ਅਸਰ ਪਾਉਂਦੀਆਂ ਚੁਣੌਤੀਆਂ ਉੱਤੇ ਵਿਚਾਰ-ਚਰਚਾ ਕੀਤੀ। ਇਸ ਲੇਖ ਰਾਹੀਂ ਅਸੀਂ ਮਾਨਸਿਕ ਤੰਦਰੁਸਤੀ ਨਾਲ ਜੁੜੇ ਅੰਤਰਰਾਸ਼ਟਰੀ ਮਾਹਿਰਾਂ ਦੇ ਸਲਾਹ-ਮਸ਼ਵਰੇ ਤੇ ਸੁਝਾਅ ਸਾਂਝੇ ਕੀਤੇ ਹਨ ਜਿਨ੍ਹਾਂ ਨੇ ਦੱਸਿਆ ਕਿ ਇਸ ਮੁਸ਼ਕਿਲ ਦੌਰ 'ਚ ਤੁਸੀਂ ਘਰ ਵਿੱਚ ਰਹਿੰਦੇ ਹੋਏ ਚਿੰਤਾ ਅਤੇ ਤਣਾਅ ਨਾਲ ਨਜਿੱਠਣ ਲਈ ਕੀ ਕਰ ਸਕਦੇ ਹੋ। ਦਿਮਾਗੀ ਭਾਸ਼ਾ ਵਿਗਿਆਨ ਤੇ ਮਾਨਸਿਕ ਸਿਹਤ ਟ੍ਰੇਨਰ ਤਾਨੀਆ ਡਿਗੋਰੀ, ਮਾਨਸਿਕ ਸਿਹਤ ਦੇ ਕੋਚ ਕੈਟ ਹਾਉਂਸੈਲ ਦੇ ਨਾਲ ਨਾਲ, ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦੇ ਨੁਕਤੇ ਵੀ ਇਸ 'ਚ ਸ਼ਾਮਲ ਹਨ। ਘਰੋਂ ਕੰਮ ਕਰਨ ਨਾਲ ਜੁੜੀਆਂ ਚੁਣੌਤੀਆਂ ਘਰ ਤੋਂ ਕੰਮ ਕਰਨਾ ਕੁਝ ਲੋਕਾਂ ਲਈ ਸੁਪਨੇ ਦੀ ਤਰ੍ਹਾਂ ਹੈ, ਪਰ ਜਦੋਂ ਇਹ ਹੁਕਮ ਅਧੀਨ ਅਮਲ 'ਚ ਲਿਆਂਦਾ ਜਾਂਦਾ ਹੈ, ਤਾਂ ਇਹ ਵੱਖਰੇ ਕਿਸਮ ਦੀਆਂ ਚੁਣੌਤੀਆਂ ਵੀ ਸਾਹਮਣੇ ਖੜ੍ਹੀਆਂ ਕਰਦਾ ਹੈ। ਘਰ ਤੋਂ ਕੰਮ ਕਰਨ ਵੇਲੇ, ਬਹੁਤ ਸਾਰੇ ਮਾਮਲਿਆਂ ਵਿੱਚ ਘਰੇਲੂ ਜ਼ਿੰਦਗੀ ਅਤੇ ਕੰਮਕਾਜੀ ਜ਼ਿੰਦਗੀ ਵਿਚਕਾਰਲੀਆਂ ਹੱਦਾਂ ਢਹਿ-ਢੇਰੀ ਹੋਣ ਦਾ ਡਰ ਹੁੰਦਾ ਹੈ, ਅਤੇ ਇਹ ਹੱਦਾਂ ਹੀ ਸਾਨੂੰ ਤੰਦਰੁਸਤ ਰਹਿਣ ਦੇ ਯੋਗ ਬਣਾਉਂਦੀਆਂ ਹਨ, ਡਿਗੋਰੀ ਨੇ ਚਿਤਾਵਨੀ ਦਿੰਦਿਆਂ ਕਿਹਾ। ਘਰ ਤੋਂ ਕੰਮ ਕਰਦੇ ਸਮੇਂ ਤਣਾਅ ਰਹਿਤ ਕਿਵੇਂ ਰਹੀਏ ਡਿਗੋਰੀ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਕਈ ਲੋਕਾਂ ਲਈ ਇਹ ਤਣਾਅ ਆਮ ਤੌਰ 'ਤੇ ਹੁੰਦੇ ਕੰਮ ਨਾਲੋਂ ਵੱਧ ਹੋਵੇਗਾ। ਇਸ ਲਈ ਘਰ ਤੋਂ ਕੰਮ ਕਰਨ ਦੌਰਾਨ ਦਿਨ ਦੀ ਸ਼ੁਰੂਆਤ ਵੇਲੇ ਆਪਣੀ ਮਨੋਸਥਿਤੀ ਤੇ ਤੰਦਰੁਸਤੀ ਨੂੰ ਪਹਿਲ ਦੇਣਾ ਬਹੁਤ ਜ਼ਰੂਰੀ ਹੈ। ਜਿੱਥੇ ਤੱਕ ਸੰਭਵ ਹੋ ਸਕੇ, ਇੱਕ ਨਿਸ਼ਚਿਤ ਥਾਂ ਨਿਰਧਾਰਤ ਕਰੋ ਜੋ ਤੁਹਾਡੇ ਸਿਰਫ਼ ਕੰਮ ਲਈ ਰਾਖਵੀਂ ਹੋਵੇ। ਇਹ ਸਰੀਰਕ ਤੇ ਮਾਨਸਿਕ ਦੋਵੋਂ ਪੱਖਾਂ ਤੋਂ ਮਦਦ ਕਰਦਾ ਹੈ ਕਿ ਜਦੋਂ ਤੁਸੀਂ ਕੰਮ ਕਰਨ ਬੈਠੋ ਤਾਂ ਤੁਹਾਡਾ ਮਨ ਤੇ ਦਿਮਾਗ ਦੋਵੇਂ ਉਸ ਵਿਸ਼ੇ 'ਤੇ ਤੁਹਾਡੀ ਮਦਦ ਕਰਨ। ਇਸ ਬਾਰੇ ਪਹਿਲਾਂ ਕੀਤੀ ਗੱਲਬਾਤ ਬੜੀ ਸਹਾਈ ਹੁੰਦੀ ਹੈ। ਹਾਉਂਸੈਲ ਵੀ ਇਸ 'ਚ ਹਾਮੀ ਭਰਦੇ ਹਨ ਕਿ ਆਪਣੇ ਆਸ-ਪਾਸ ਦੇ ਲੋਕਾਂ ਨਾਲ ਨਿਮਰਤਾ ਤੇ ਸਹਿਜ ਵਤੀਰਾ ਰੱਖੋ। ਆਪਣੇ ਦਿਨ ਦੀ ਯੋਜਨਾਬੰਦੀ ਕਰਨ ਸਮੇਂ, ਪੌਸ਼ਟਿਕ ਭੋਜਨ, ਕਸਰਤ, ਸਹੀ ਨੀਂਦ ਤੇ ਸਫ਼ਾਈ ਆਦਿ ਨੂੰ ਢੁਕਵੀਂ ਤਵੱਜੋ ਦਿਓ। ਪਰਿਵਾਰ ਅਤੇ ਹੋਰਨਾਂ ਸਾਥੀਆਂ ਨਾਲ ਵਿਚਾਰ-ਵਟਾਂਦਰਾ ਵੀ ਮਹੱਤਵਪੂਰਨ ਥਾਂ ਰੱਖਦਾ ਹੈ। ਬਹੁਤ ਵਾਰ ਉਹ ਵੱਖੋ-ਵੱਖ ਵਿਸ਼ਿਆਂ 'ਤੇ ਤੁਹਾਡੀ ਮਦਦ ਕਰ ਸਕਦੇ ਹਨ। ਕੰਪਨੀ ਜਾਂ ਅਦਾਰੇ ਦੇ ਮਾਲਕ ਕੀ ਕਰ ਸਕਦੇ ਹਨ ? ਹਾਉਂਸੈਲ ਨੇ ਇਸ ਬਾਰੇ ਮਾਲਕਾਂ ਨੂੰ ਖ਼ੁਦ ਤੋਂ ਪੁੱਛਣ ਲਈ ਕੁਝ ਸਵਾਲ ਦਿੱਤੇ ਹਨ, ਜਿਹੜੇ ਉਨ੍ਹਾਂ ਦੇ ਕਰਮਚਾਰੀਆਂ ਦੀ ਤੰਦਰੁਸਤੀ ਤੇ ਉਤਪਾਦਕਤਾ ਨਾਲ ਜੁੜੇ ਹਨ। ਸਵਾਲ ਇਹ ਹਨ - - ਕੀ ਮੇਰੀ ਟੀਮ ਦੇ ਸਾਰੇ ਮੈਂਬਰਾਂ ਕੋਲ ਘਰ ਜਾਂ ਦਫ਼ਤਰ ਨਾਲੋਂ ਦੂਰ ਕਿਸੇ ਹੋਰ ਥਾਂ ਤੋਂ ਕੰਮ ਕਰਨ ਲਈ ਸਹੀ ਸੈਟਅਪ ਜਿਵੇਂ ਕਿ ਆਨਲਾਈਨ ਸੰਚਾਰ ਸਾਧਨ, ਆਰਾਮਦਾਇਕ ਕੁਰਸੀ ਅਤੇ ਮੇਜ਼ ਹੈ? - ਕੀ ਉਨ੍ਹਾਂ ਨੂੰ ਇਸ ਦੌਰਾਨ 'ਕੁਨੈਕਟਿਵਿਟੀ' ਦਾ ਮੌਕਾ ਮਿਲੇਗਾ ? ਕਰਮਚਾਰੀਆਂ ਨੂੰ ਕੰਮ ਦੇ ਤਣਾਅ ਤੋਂ ਮੁਕਤ ਰੱਖਣ ਲਈ ਮਨੋਰੰਜਨ ਅਤੇ ਆਪਸੀ ਗੱਲਬਾਤ ਬਹੁਤ ਸਹਾਇਕ ਹੁੰਦੀ ਹੈ, ਅਤੇ ਫ਼ੇਰ ਭਾਵੇਂ ਉਹ ਦਫ਼ਤਰ ਹੋਣ ਜਾਂ ਕਿਤੇ ਬਾਹਰ। - ਕੀ ਉਨ੍ਹਾਂ 'ਤੇ ਪਿਆ ਹੋਇਆ 'ਵਰਕ ਲੋਡ' ਭਾਵ ਕੰਮ ਦਾ ਦਿਮਾਗੀ ਭਾਰ ਉਨ੍ਹਾਂ ਦੇ ਹਾਲਾਤਾਂ 'ਚ ਤਬਦੀਲੀ ਅਨੁਸਾਰ ਮੁਨਾਸਿਬ ਹੈ ? ਜੇ ਇਨ੍ਹਾਂ ਵਿੱਚੋਂ ਕਿਸੇ ਇੱਕ ਵੀ ਪ੍ਰਸ਼ਨ ਦਾ ਉੱਤਰ “ਨਹੀਂ” ਹੈ, ਤਾਂ ਮਾਲਕ ਨੂੰ ਦਫ਼ਤਰ ਤੋਂ ਬਾਹਰ ਕੰਮ ਕਰਵਾਉਣ ਵੇਲੇ ਆਪਣੇ ਕਰਮਚਾਰੀਆਂ ਦੀ ਸਹਾਇਤਾ ਲਈ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦਾ ਟੀਚਾ ਮਿੱਥਣਾ ਚਾਹੀਦਾ ਹੈ। ਆਪਣੀ 'ਘਰੇਲੂ' ਜ਼ਿੰਦਗੀ 'ਚ ਵਾਪਸੀ ਕਿਵੇਂ ਕਰੀਏ ਡਿਗੋਰੀ ਦਾ ਸੁਝਾਅ ਹੈ ਕਿ ਆਪਣੀ 'ਘਰ ਵਾਪਸੀ' ਲਈ ਕਿਸੇ ਘੰਟੀ ਵੱਜਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਘਰ ਤੋਂ ਕੰਮ ਕਰਨ ਦੌਰਾਨ, ਆਪਣੀ ਪਸੰਦ ਦਾ ਕੰਮ ਕਰਨਾ, ਫ਼ਿਲਮ ਜਾਂ ਸ਼ੋਅ ਦੇਖਣਾ, ਪਸੰਦੀਦਾ ਖਾਣਾ ਖਾਣਾ, ਬਣਾਉਣਾ ਆਦਿ ਤੁਹਾਡੀ ਦਿਨ ਭਰ ਦੀ ਮਿਹਨਤ ਦਾ ਇਨਾਮ ਬਣ ਸਕਦੇ ਹਨ। ਹਾਉਂਸੈਲ ਦੀ ਸਲਾਹ ਹੈ ਕਿ 'ਘਰ ਵਾਪਸੀ' ਸਿਰਫ਼ ਦਫ਼ਤਰ ਤੋਂ ਬਾਹਰ ਨਿੱਕਲਣਾ ਹੀ ਨਹੀਂ, ਬਲਕਿ ਆਪਣਾ ਕੰਮ ਖ਼ਤਮ ਕਰਕੇ ਆਪਣੇ ਮਨ ਨੂੰ ਉਸ ਮਾਹੌਲ ਤੋਂ ਬਾਹਰ ਲਿਆਉਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਕਈ ਤਰੀਕੇ ਹੋ ਸਕਦੇ ਹਨ, ਇੱਕ ਚਾਹ ਦਾ ਕੱਪ ਜਾਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਕੀਤੀ ਫ਼ੋਨ ਕਾਲ ਵੀ। ਇਕੱਲੇਪਣ ਦਾ ਮੁਕਾਬਲਾ ਖੋਜਾਂ ਦੱਸਦੀਆਂ ਹਨ ਕਿ ਅਚਾਨਕ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਇਕੱਲਾਪਣ ਹੈ। ਜੇ ਇਹ ਐਨੀ ਵੱਡੀ ਸਮੱਸਿਆ ਹੈ ਤਾਂ ਜ਼ਾਹਿਰ ਹੈ ਕਿ ਇਸ ਵੇਲੇ ਜਦੋਂ ਲੋਕਾਂ ਦੀ ਆਵਾਜਾਈ ਤੇ ਆਜ਼ਾਦੀ 'ਤੇ ਰੋਕ ਲਾ ਕੇ ਘਰ ਡੱਕ ਦਿੱਤਾ ਗਿਆ ਹੈ, ਤਾਂ ਇਹ ਨਿਸ਼ਚਿਤ ਰੂਪ ਨਾਲ ਜ਼ਰੂਰੀ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਨਸਿਕ ਸਿਹਤ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵਿਭਾਗ ਦੀ ਤਕਨੀਕੀ ਅਧਿਕਾਰੀ ਡਾਕਟਰ ਆਇਸ਼ਾ ਮਲਿਕ ਨੇ ਵਰਨਣ ਕੀਤਾ ਕਿ ਇਕੱਲੇਪਣ ਅਤੇ ਚਿੰਤਾ ਨਾਲ ਗ੍ਰਸਤ ਹੋਣ ਵਾਲਿਆਂ ਵਿੱਚ ਜ਼ਿਆਦਾਤਰ ਬਜ਼ੁਰਗ ਹੁੰਦੇ ਹਨ, ਨਾਲ ਹੀ ਉਹ ਵੀ ਜਿਹੜੇ ਪਹਿਲਾਂ ਤੋਂ ਹੀ ਮਾਨਸਿਕ ਸਿਹਤ ਦੇ ਕਿਸੇ ਮਸਲੇ ਨਾਲ ਜੂਝ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਕੱਲੇਪਣ ਨਾਲ ਨਜਿੱਠਣ ਲਈ ਮੁਢਲੀਆਂ ਰਣਨੀਤੀਆਂ ਸਵੈ ਹਿੰਮਤ ਤੋਂ ਸ਼ੁਰੂ ਹੁੰਦੀਆਂ ਹਨ, ਜਿਵੇਂ ਕਿ ਕਸਰਤ ਜਾਂ ਸੈਰ ਸ਼ੁਰੂ ਕਰ ਲੈਣਾ, ਰੋਜ਼ਾਨਾ ਦੀ ਤਰਤੀਬ ਨੂੰ ਨਵੇਂ ਤਰੀਕੇ ਨਾਲ ਸਮਾਂਬੱਧ ਕਰਨਾ, ਆਪਣੇ ਆਸ-ਪਾਸ ਵਾਪਰ ਰਹੀਆਂ ਗਤੀਵਿਧੀਆਂ 'ਚ ਸਰਗਰਮ ਰੂਪ ਨਾਲ ਸ਼ਾਮਲ ਹੋਣਾ ਅਤੇ ਸਭ ਤੋਂ ਵੱਡੀ ਗੱਲ ਹੈ ਆਪਣਾ ਸਮਾਜਿਕ ਸੰਪਰਕ ਬਣਾਏ ਰੱਖਣਾ। ਡਾ. ਮਲਿਕ ਨੇ ਦੱਸਿਆ ਕਿ ਸਮਾਂ ਮੰਗ ਕਰਦਾ ਹੈ ਕਿ ਅਸੀਂ ਸਾਨੂੰ ਸਾਡੇ ਆਪਣਿਆਂ ਕੋਲੋਂ ਦੂਰ ਕਰਦੀ ਡਿਜੀਟਲ ਤਕਨਾਲੋਜੀ ਦੀ ਵਰਤੋਂ ਆਪਣੇ ਅਜ਼ੀਜ਼ਾਂ ਨਾਲ ਸੰਪਰਕ ਵਧਾਉਣ ਲਈ ਕਰੀਏ। ਡਿਗੋਰੀ ਨੇ ਵੀ ਸਹਿਮਤੀ ਦਿੰਦੇ ਹੋਏ ਕਿਹਾ ਕਿ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਡਿਜੀਟਲ ਯੁਗ 'ਚ ਜੀ ਰਹੇ ਹਾਂ, ਹਾਲਾਂਕਿ ਜ਼ਰੂਰਤ ਤੋਂ ਵੱਧ ਡਿਜੀਟਲ ਤਕਨਾਲੋਜੀ 'ਤੇ ਨਿਰਭਰ ਹੋਣਾ ਸਾਡੇ ਲਈ ਨੁਕਸਾਨਦੇਹ ਹੈ, ਪਰ ਅਸਲ ਵਿੱਚ ਆਪਣੇ ਪਿਆਰਿਆਂ ਨਾਲ ਜੁੜੇ ਰਹਿਣਾ ਇਸ ਤੋਂ ਸੌਖਾ ਪਹਿਲਾਂ ਕਦੇ ਹੈ ਵੀ ਨਹੀਂ ਸੀ। ਚਿੰਤਾ ਦਾ ਮੁਕਾਬਲਾ ਕਿਵੇਂ ਹੋਵੇ ਤਣਾਅ ਅਤੇ ਚਿੰਤਾ ਦਾ ਮੁਕਾਬਲਾ ਕਰਨ ਲਈ ਡਾ. ਕਲੂਗੇ ਦੇ ਵਿਚਾਰ - - ਉਨ੍ਹਾਂ ਕਿਹਾ ਕਿ ਚਿੰਤਾ ਦਾ ਇੱਕ ਵੱਡਾ ਕਾਰਨ ਹੈ ਹਾਲਾਤਾਂ ਨੂੰ ਕਾਬੂ ਤੋਂ ਬਾਹਰ ਮਹਿਸੂਸ ਕਰਨਾ। ਹਰ ਪਲ ਚੇਤੰਨ ਤੇ ਖੁਸ਼ ਰਹਿਣਾ ਦੇ ਨਾਲ ਨਾਲ, ਇਕਾਗਰਤਾ ਤੇ ਧਿਆਨ ਲਗਾਉਣਾ ਇਸ 'ਚ ਮਦਦਗਾਰ ਸਾਬਤ ਹੁੰਦਾ ਹੈ। - ਬਾਹਰੀ ਹਾਲਾਤ ਸਦਾ ਸਾਡੇ ਕਾਬੂ ਨਹੀਂ ਹੁੰਦੇ, ਸੋ ਚੰਗਾ ਹੈ ਕਿ ਇਸ ਪ੍ਰਤੀ ਚਿੰਤਤ ਹੋਣ ਦੀ ਬਜਾਏ, ਅਸੀਂ ਚੰਗੀਆਂ ਤੇ ਸਿਹਤਮੰਦ ਆਦਤਾਂ ਪਾਈਏ।

Related Post