ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 158, ਜਲੰਧਰ, ਮੋਹਾਲੀ, ਪਟਿਆਲ਼ਾ ਅਤੇ ਪਠਾਨਕੋਟ 'ਚ ਮਿਲੇ ਨਵੇਂ ਕੇਸ

By  Shanker Badra April 11th 2020 05:15 PM

ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 158, ਜਲੰਧਰ, ਮੋਹਾਲੀ, ਪਟਿਆਲ਼ਾ ਅਤੇ ਪਠਾਨਕੋਟ 'ਚ ਮਿਲੇ ਨਵੇਂ ਕੇਸ:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ ,ਜਿੱਥੇ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ 50 ਕੇਸ ਸਾਹਮਣੇ ਆਏ ਹਨ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਪੰਜਾਬ ਵਿੱਚ ਅੱਜ ਕੋਰੋਨਾ ਪਾਜ਼ੀਟਿਵ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ।

ਜਲੰਧਰ 'ਚ ਅੱਜ 3 ਹੋਰ ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਲੰਧਰ 'ਚਕੋਰੋਨਾ ਵਾਇਰਸ ਕਾਰਨ ਮ੍ਰਿਤਕ ਪ੍ਰਵੀਨ ਕੁਮਾਰ ਦੀ ਪਤਨੀ, ਪੁੱਤਰ ਅਤੇ ਪੋਤਰੇ ਦਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਨਾਲ ਜਲੰਧਰ 'ਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਜ਼ਿਲ੍ਹਾ ਮੋਹਾਲੀ ਦੇ ਨੇੜੇ ਡੇਰਾਬਸੀ ਅਧੀਨ ਪੈਂਦੇ ਪਿੰਡ ਜਵਾਹਰਪੁਰ ਵਿਖੇ 2 ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾ ਦੀ ਪੁਸ਼ਟੀ ਹੋਈ ਹੈ। ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ 'ਚ ਵੀ ਇੱਕ ਹੋਰ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

ਪਟਿਆਲਾ ਦੇ ਪਾਸੀ ਰੋਡ ਸਥਿਤ ਸਰਕਾਰੀ ਕੁਆਰਟਰ ਵਿੱਚ ਰਹਿੰਦੇ ਮਾਲੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ। ਇਸ ਦਾ ਪਤਾ ਲੱਗਦੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਾਜ਼ੀਟਿਵ ਵਿਅਕਤੀ ਦੇ ਘਰ 'ਚ ਰਹਿੰਦੇ ਉਸ ਦੇ ਇਕ ਹੋਰ ਭਰਾ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਦੋਵਾਂ ਭਰਾਵਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ। ਪੀੜਤ ਵਿਅਕਤੀ ਪੀਸੀਐੱਸ ਅਧਿਕਾਰੀ ਦੇ ਘਰ 'ਚ ਮਾਲੀ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 158 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 50 , ਨਵਾਂਸ਼ਹਿਰ - 19 , ਪਠਾਨਕੋਟ - 16 , ਜਲੰਧਰ - 15 ,ਅੰਮ੍ਰਿਤਸਰ - 11 , ਮਾਨਸਾ - 11 , ਲੁਧਿਆਣਾ – 10, ਹੁਸ਼ਿਆਰਪੁਰ - 7 ,  ਮੋਗਾ - 4 , ਰੋਪੜ - 3 , ਫਤਿਹਗੜ੍ਹ ਸਾਹਿਬ - 2 , ਫਰੀਦਕੋਟ - 2 , ਸੰਗਰੂਰ - 2 ,ਬਰਨਾਲਾ - 2, ਪਟਿਆਲਾ - 2 , ਕਪੂਰਥਲਾ - 1 , ਸ੍ਰੀ ਮੁਕਤਸਰ ਸਾਹਿਬ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 11 ਮੌਤਾਂ ਹੋ ਚੁੱਕੀਆਂ ਹਨ ਅਤੇ 20 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post