ਮਾਂ ਦੀ ਮਮਤਾ ਤੇ ਅਟੁੱਟ ਹੌਸਲੇ ਨੂੰ ਸਲਾਮ ! ਪੁੱਤਰ ਲਈ ਸਕੂਟਰ 'ਤੇ ਕੀਤਾ 1400 ਕਿ.ਮੀ. ਦਾ ਸਫ਼ਰ

By  Panesar Harinder April 10th 2020 01:00 PM

ਹੈਦਰਾਬਾਦ - ਔਲਾਦ ਲਈ ਪਿਆਰ, ਦਲੇਰੀ ਤੇ ਦ੍ਰਿੜ੍ਹਤਾ ਦੀ ਮਿਸਾਲ ਕਾਇਮ ਕਰਦਿਆਂ, ਤੇਲੰਗਾਨਾ ਦੀ ਇੱਕ ਮਾਂ ਨੇ ਤਿੰਨ ਦਿਨਾਂ ਵਿੱਚ 1400 ਕਿਲੋਮੀਟਰ ਦਾ ਸਫ਼ਰ ਸਕੂਟਰ 'ਤੇ ਹੀ ਕਰ ਦਿੱਤਾ। ਇਸ ਮਾਂ ਦਾ ਪੁੱਤਰ COVID-19 ਕਾਰਨ ਲੱਗੀ ਦੇਸ਼ਵਿਆਪੀ ਤਾਲ਼ਾਬੰਦੀ 'ਚ ਆਂਧਰਾ ਪ੍ਰਦੇਸ਼ ਦੇ ਨੈਲੋਰ ਵਿਖੇ ਫ਼ਸ ਗਿਆ ਸੀ।

ਸਥਾਨਕ ਪੁਲਿਸ ਤੋਂ ਇਜਾਜ਼ਤ ਲੈ ਕੇ 48 ਸਾਲਾ ਰਜ਼ੀਆ ਬੇਗਮ ਨੇ ਇਕੱਲੀ ਨੇ ਆਪਣਾ ਸਫ਼ਰ ਸੋਮਵਾਰ ਸਵੇਰੇ ਸ਼ੁਰੂ ਕੀਤਾ ਅਤੇ ਨੈਲੋਰ ਤੋਂ ਆਪਣੇ ਛੋਟੇ ਬੇਟੇ ਨਾਲ ਬੁੱਧਵਾਰ ਸ਼ਾਮ ਨੂੰ ਵਾਪਸ ਪਹੁੰਚ ਗਈ। ਇਸ ਮਾਂ ਨੇ ਜਿਸ ਬੇਮਿਸਾਲ ਸਬਰ ਦਾ ਪ੍ਰਗਟਾਵਾ ਕੀਤਾ, ਉਹ ਰੈਲੀਆਂ ਦਾ ਅਨੁਭਵ ਰੱਖਣ ਵਾਲਿਆਂ ਲਈ ਵੀ ਚੁਣੌਤੀਪੂਰਨ ਹੋ ਸਕਦਾ ਹੈ।

"ਇੱਕ ਔਰਤ ਲਈ ਇੱਕ ਦੋ ਪਹੀਆ ਵਾਹਨ 'ਤੇ ਇਹ ਸਫ਼ਰ ਕਰਨਾ ਬੜਾ ਮੁਸ਼ਕਿਲ ਸੀ। ਪਰ ਆਪਣੇ ਬੇਟੇ ਨੂੰ ਵਾਪਸ ਘਰ ਲਿਆਉਣ ਦੇ ਇਰਾਦੇ ਨੇ ਮੇਰੇ ਸਾਰੇ ਡਰ ਦੂਰ ਕਰ ਦਿੱਤੇ। ਮੈਂ ਰੋਟੀਆਂ ਆਦਿ ਆਪਣੇ ਨਾਲ ਪੈਕ ਕਰ ਲਈਆਂ ਤੇ ਇਸ ਨਾਲ ਵੀ ਸਫ਼ਰ 'ਚ ਸਹੂਲਤ ਰਹੀ। ਬਿਨਾਂ ਕਿਸੇ ਆਵਾਜਾਈ ਅਤੇ ਲੋਕਾਂ ਤੋਂ ਸੱਖਣੀਆਂ ਸੜਕਾਂ 'ਤੇ ਰਾਤ ਸਮੇਂ ਸਫ਼ਰ ਕਰਨਾ ਡਰਾਉਣਾ ਸੀ।" ਇਸ ਬਹਾਦਰ ਮਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ।

ਰਜ਼ੀਆ ਬੇਗ਼ਮ ਨਿਜ਼ਾਮਾਬਾਦ ਜ਼ਿਲੇ ਦੇ ਬੋਧਨ ਕਸਬੇ ਦੇ ਇੱਕ ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਹੈ। ਉਸ ਦੇ ਪਤੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ, ਇਸ ਵੇਲੇ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ, ਜਿਨ੍ਹਾਂ ਵਿੱਚੋਂ ਵੱਡਾ ਇੰਜੀਨੀਅਰਿੰਗ ਗ੍ਰੈਜੂਏਟ ਹੈ ਅਤੇ ਛੋਟਾ ਬੇਟਾ 19 ਸਾਲਾ ਨਿਜ਼ਾਮੂਦੀਨ ਐਮ.ਬੀ.ਬੀ.ਐੱਸ. ਵਿੱਚ ਦਾਖਲਾ ਲੈਣ ਦਾ ਚਾਹਵਾਨ ਹੈ ਤੇ ਇਸ ਦੀ ਤਿਆਰੀ ਕਰ ਰਿਹਾ ਹੈ।

ਨਿਜ਼ਾਮੂਦੀਨ 12 ਮਾਰਚ ਨੂੰ ਆਪਣੇ ਦੋਸਤ ਨੂੰ ਛੱਡਣ ਵਾਸਤੇ ਨੈਲੋਰ ਜ਼ਿਲ੍ਹੇ ਦੇ ਰਹਿਮਤਬਾਦ ਵਿਖੇ ਗਿਆ ਸੀ ਅਤੇ ਉੱਥੇ ਹੀ ਰੁਕਿਆ ਹੋਇਆ ਸੀ। ਇਸ ਦੌਰਾਨ, ਕੋਰੋਨਾਵਾਇਰਸ ਦਾ ਪ੍ਰਕੋਪ ਵਧਦਾ ਦੇਖ, ਤਾਲ਼ਾਬੰਦੀ ਦਾ ਐਲਾਨ ਹੋ ਗਿਆ ਤੇ ਉਹ ਵਾਪਸ ਨਹੀਂ ਆ ਸਕਿਆ।

ਆਪਣੇ ਬੇਟੇ ਕੋਲੋਂ ਘਰ ਵਾਪਸੀ ਅਤੇ ਪਰਿਵਾਰ ਨੂੰ ਮਿਲਣ ਦੀ ਬੇਚੈਨੀ ਬਾਰੇ ਸੁਣ ਕੇ ਰਜ਼ੀਆ ਬੇਚੈਨ ਹੋ ਉੱਠੀ ਅਤੇ ਉਸ ਨੇ ਉਸ ਨੂੰ ਖ਼ੁਦ ਜਾ ਕੇ ਵਾਪਸ ਲਿਆਉਣ ਦਾ ਫੈਸਲਾ ਕੀਤਾ। ਆਪਣੇ ਵੱਡੇ ਬੇਟੇ ਨੂੰ ਰਜ਼ੀਆ ਨੇ ਇਸ ਕਰਕੇ ਨਹੀਂ ਭੇਜਿਆ ਕਿਉਂਕਿ ਉਸ ਦਾ ਸੋਚਣਾ ਸੀ ਕਿ ਹੋ ਸਕਦਾ ਹੈ ਕਿ ਪੁਲਿਸ ਉਸ ਨੂੰ ਗ਼ਲਤੀ ਨਾਲ ਬਿਨਾਂ ਕੰਮ ਦੇ ਘਰੋਂ ਬਾਹਰ ਨਿੱਕਲਿਆ ਸਕੂਟਰ ਸਵਾਰ ਸਮਝ ਕੇ ਹਿਰਾਸਤ ਵਿੱਚ ਨਾ ਲੈ ਲਵੇ।

ਸ਼ੁਰੂਆਤ 'ਚ ਉਸ ਨੇ ਕਾਰ ਲੈ ਕੇ ਜਾਣ ਬਾਰੇ ਵਿਚਾਰ ਕੀਤਾ, ਪਰ ਬਾਅਦ ਵਿੱਚ ਉਸ ਨੇ ਕਾਰ ਦੀ ਬਜਾਏ ਆਪਣਾ ਸਕੂਟਰ ਲਿਜਾਣ ਦਾ ਫ਼ੈਸਲਾ ਕੀਤਾ ਅਤੇ 6 ਅਪ੍ਰੈਲ ਦੀ ਸਵੇਰ ਨੂੰ ਯਾਤਰਾ ਸ਼ੁਰੂ ਕਰਕੇ ਅਗਲੇ ਦਿਨ ਦੁਪਹਿਰ ਨੈਲੋਰ ਪਹੁੰਚ ਗਈ। ਉਸੇ ਦਿਨ ਦੁਪਹਿਰ ਨੂੰ ਉਹ ਆਪਣੇ ਲੜਕੇ ਸਮੇਤ ਘਰ ਲਈ ਵਾਪਸ ਰਵਾਨਾ ਹੋਈ ਅਤੇ ਬੁੱਧਵਾਰ ਸ਼ਾਮ ਨੂੰ ਬੋਧਾਨ ਪਹੁੰਚ ਗਈ।

ਰਸਤੇ ਲਈ ਉਸ ਨੇ ਰੋਟੀਆਂ ਪੈਕ ਕਰ ਲਈਆਂ ਸੀ, ਪੈਟਰੋਲ ਪੰਪਾਂ ਸਮੇਤ ਕੁਝ ਥਾਵਾਂ 'ਤੇ ਹਲਕਾ-ਫੁਲਕਾ ਚਾਹ-ਪਾਣੀ ਛਕਣ ਲਈ ਰੁਕਦੀ ਗਈ। ਨਿਜ਼ਾਮੁਦੀਨ ਨੇ ਹਾਲ ਹੀ ਵਿੱਚ ਆਪਣੀ ਇੰਟਰਮੀਡੀਏਟ ਮੁਕੰਮਲ ਕੀਤੀ ਹੈ ਅਤੇ ਹੁਣ ਐਮ.ਬੀ.ਬੀ.ਐਸ. 'ਚ ਦਾਖਲੇ ਲਈ ਤਿਆਰੀ 'ਚ ਜੁਟਿਆ ਹੋਇਆ ਹੈ।

ਰਜ਼ੀਆ ਬੇਗ਼ਮ ਦੁਆਰਾ ਬੇਮਿਸਾਲ ਹੌਸਲੇ ਦੀ ਪੈਦਾ ਕੀਤੀ ਇਹ ਮਿਸਾਲ ਦੇਸ਼-ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਸ ਹੈ ਕਿ ਹਜ਼ਾਰਾਂ ਔਰਤਾਂ ਇਸ ਬਾਰੇ ਜਾਣ ਕੇ ਪ੍ਰੇਰਿਤ ਹੋਣਗੀਆਂ 'ਤੇ ਨਾਰੀ ਸਨਮਾਨ ਤੇ ਸਸ਼ਕਤੀਕਰਨ ਦੀਆਂ ਹੋਰ ਉਦਾਹਰਨਾਂ ਰਚੀਆਂ ਜਾਂਦੀਆਂ ਰਹਿਣਗੀਆਂ।

Related Post