ਇੱਧਰ ਧੀ ਦੀ ਡੋਲੀ ਉੱਠੀ, ਉੱਧਰ ਪਿਤਾ ਤੇ ਦਾਦੀ ਦੀ ਅਰਥੀ

By  Panesar Harinder June 13th 2020 12:31 PM -- Updated: June 13th 2020 12:42 PM

ਬਸੀ ਪਠਾਣਾਂ - ਕੰਨਿਆਦਾਨ ਨੂੰ ਸੰਸਾਰ ਦਾ ਸਭ ਤੋਂ ਵੱਡਾ ਦਾਨ ਵੀ ਮੰਨਿਆ ਜਾਂਦਾ ਹੈ ਤੇ ਇੱਕ ਪਿਤਾ ਲਈ ਸਭ ਤੋਂ ਵੱਡਾ ਸੁਭਾਗ ਵੀ। ਪਰ ਬਸੀ ਪਠਾਣਾਂ 'ਚ ਵਾਪਰੇ ਦੁਖਾਂਤ 'ਚ ਧੀ ਦੇ ਵਿਆਹ ਲਈ ਚਾਵਾਂ ਨਾਲ ਲੱਗੇ ਪਿਤਾ ਨੂੰ ਕੰਨਿਆਦਾਨ ਕਰਨ ਤੋਂ ਪਹਿਲਾਂ ਹੀ ਕਾਲ ਨੇ ਲਪੇਟ ਵਿੱਚ ਲੈ ਲਿਆ ਤੇ ਨਾਲ ਹੀ ਉਸ ਵਿਆਹ ਵਾਲੀ ਲੜਕੀ ਦੀ ਵੀ ਮੌਤ ਹੋਣ ਨਾਲ ਇੱਕ ਘਰ 'ਚੋਂ ਮਾਂ ਤੇ ਪੁੱਤ ਦੀਆਂ ਦੋ ਅਰਥੀਆਂ ਇਕੱਠੀਆਂ ਉੱਠੀਆਂ। Cremation of father and grandmother ਘਟਨਾ ਇੱਥੋਂ ਦੇ ਮੁਹੱਲਾ ਵਾਰਡ ਨੰ. 5 ਦੀ ਹੈ ਜਿੱਥੇ 10 ਜੂਨ ਨੂੰ ਇੱਕ ਲੜਕੀ ਦਾ ਵਿਆਹ ਹੋਣਾ ਸੀ, ਜਿਸ ਦੀ ਬਾਰਾਤ ਜਲੰਧਰ ਤੋਂ ਆਉਣੀ ਸੀ। ਲੜਕੀ ਦੇ ਪਿਤਾ ਜਗਦੀਸ਼ ਕੁਮਾਰ ਦੇ ਰਿਸ਼ਤੇਦਾਰ ਰਵਿੰਦਰ ਕੁਮਾਰ ਰਿੰਕੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੜਕੀ ਦਾ ਪਰਿਵਾਰ ਖੁਸ਼ੀ-ਖੁਸ਼ੀ ਇਸ ਪਰਿਵਾਰ ਦੇ ਚਾਅ 'ਚ ਮਗਨ ਸੀ। 9 ਜੂਨ ਦੀ ਰਾਤ ਨੂੰ ਜਾਗੋ ਕੱਢੀ ਗਈ ਤੇ ਐੱਫ਼.ਸੀ.ਆਈ. 'ਚ ਨੌਕਰੀ ਕਰਦੇ ਲੜਕੀ ਦੇ ਪਿਤਾ ਜਗਦੀਸ਼ ਕੁਮਾਰ ਵੀ ਆਪਣੀ ਬੇਟੀ ਦੇ ਅਗਲੇ ਦਿਨ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਖੁਸ਼ੀ-ਖੁਸ਼ੀ ਨਿਪਟਾ ਕੇ ਲਈ ਰਾਤ ਨੂੰ ਆਪਣੇ ਕਮਰੇ 'ਚ ਜਾ ਕੇ ਸੌ ਗਏ। Cremation of father and grandmother ਅਗਲੀ ਸਵੇਰ ਜਦੋਂ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨਹੀਂ ਉੱਠੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਬਸੀ ਪਠਾਣਾਂ ਤੇ ਫਿਰ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਵਿਆਹ 'ਚ ਕੋਈ ਵਿਘਨ ਨਾ ਪਵੇ ਇਸ ਲਈ ਲੜਕੀ ਨੂੰ ਬਿਨਾਂ ਦੱਸੇ ਜਗਦੀਸ਼ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ। ਕੁਝ ਦੇਰ ਬਾਅਦ ਬਾਰਾਤ ਆ ਗਈ, ਜਿਸ ਦੀਆਂ ਸਾਰੀਆਂ ਰਸਮਾਂ ਨੂੰ ਲੜਕੀ ਪਰਿਵਾਰ ਵਲੋਂ ਕਲੇਜੇ 'ਤੇ ਪੱਥਰ ਰੱਖ ਕੇ ਨਿਭਾਈਆਂ ਗਈਆਂ ਅਤੇ ਦੁਪਹਿਰ ਕਰੀਬ 3.30 ਵਜੇ ਜਦੋਂ ਡੋਲੀ ਵਿਦਾ ਹੋਣ ਦਾ ਸਮਾਂ ਹੋਇਆ ਤਾਂ ਇਸੇ ਦੌਰਾਨ ਲੜਕੀ ਦੀ ਦਾਦੀ ਕਮਲਾ ਦੇਵੀ (80) ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸੀ, ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। Cremation of father and grandmother ਲੜਕੀ ਨੂੰ ਇਸ ਬਾਰੇ ਵੀ ਬਿਨਾਂ ਦੱਸੇ ਉਸ ਦੀ ਡੋਲੀ ਵਿਦਾ ਕੀਤੀ ਗਈ, ਜਿਸ ਉਪਰੰਤ ਮਾਂ-ਪੁੱਤ ਦਾ ਅੰਤਿਮ ਸਸਕਾਰ ਕੀਤਾ ਗਿਆ। ਦੱਸਿਆ ਗਿਆ ਹੈ ਕਿ ਪਹਿਲਾਂ ਲੜਕੀ ਦਾ ਵਿਆਹ 17 ਅਪ੍ਰੈਲ ਨੂੰ ਹੋਣਾ ਸੀ ਪਰ ਲੌਕਡਾਊਨ ਕਰ ਕੇ ਇਹ ਤਰੀਕ ਅੱਗੇ ਪਾ ਦਿੱਤੀ ਗਈ ਸੀ ਤੇ ਹੁਣ ਲਾਕਡਾਊਨ ਖੁੱਲ੍ਹਣ 'ਤੇ ਵਿਆਹ 26 ਜੂਨ ਨੂੰ ਹੋਣਾ ਸੀ, ਪਰ ਲੜਕੀ ਦੀ ਦਾਦੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਰ ਕੇ ਵਿਆਹ 10 ਜੂਨ ਨੂੰ ਤੈਅ ਕੀਤਾ ਗਿਆ ਸੀ। Cremation of father and grandmother ਇੱਕ ਧੀ ਦੀ ਵਿਦਾਈ ਦੇ ਨਾਲ-ਨਾਲ, ਉਸੇ ਦਿਨ ਉਸੇ ਘਰ 'ਚੋਂ ਉਸ ਦੇ ਪਿਤਾ ਤੇ ਦਾਦੀ ਦੇ ਅੰਤਿਮ ਸਸਕਾਰ ਦੀ ਰੂਹ ਕੰਬਾਉਣ ਵਾਲੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

Related Post