ਸੜਕ ਹਾਦਸੇ 'ਚ ਮਾਰੇ ਗਏ ਮਜ਼ਦੂਰਾਂ ਦਾ ਅਜੇ ਤੱਕ ਨਹੀਂ ਹੋਇਆ ਸਸਕਾਰ, ਮਜ਼ਦੂਰ ਵੱਲੋਂ ਸੰਘਰਸ਼ ਜਾਰੀ

By  Riya Bawa September 17th 2022 03:35 PM -- Updated: September 17th 2022 03:40 PM

ਚੰਡੀਗੜ੍ਹ: ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਅੱਗੇ ਲਾਏ ਤਿੰਨ ਰੋਜ਼ਾ ਮੋਰਚੇ ਤੋਂ 14 ਸਤੰਬਰ ਨੂੰ ਵਾਪਸ ਪਰਤਦੇ ਦੋ ਮਜ਼ਦੂਰਾਂ ਦੀ ਫਿਲੌਰ ਵਿਖੇ ਰੇਲ ਹਾਦਸੇ ਦੌਰਾਨ ਹੋਈ ਮੌਤ ਦੇ ਚਾਰ ਦਿਨ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਕੋਈ ਰਾਹਤ ਨਾ ਦੇਣ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਖ਼ਤ ਨਿਖੇਧੀ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਮੁਆਵਜ਼ਾ ਤੇ ਇੱਕ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਪ੍ਰਤੀ ਧਾਰਨ ਕੀਤਾ ਇਹ ਰਵੱਈਆ ਸਰਕਾਰ ਦੀ ਖੇਤ ਮਜ਼ਦੂਰ ਵਰਗ ਪ੍ਰਤੀ ਬੇਰੁਖੀ ਤੇ ਨਫ਼ਰਤ ਭਰੀ ਕੋਝੀ ਨੀਤੀ ਦਾ ਮੂੰਹ ਬੋਲਦਾ ਸਬੂਤ ਹੈ ਜਿਸ ਕਾਰਨ ਅੱਜ ਚੌਥੇ ਦਿਨ ਵੀ ਮਿਰਤਕਾਂ ਦਾ ਸਸਕਾਰ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: PM Modi Birthday: ਜਨਮ ਦਿਨ ਮੌਕੇ PM ਮੋਦੀ ਦੇਸ਼ ਨੂੰ ਦੇਣਗੇ BIG ਗਿਫ਼ਟ ! ਜਾਣੋ ਕੀ ਹੋਵੇਗਾ ਖ਼ਾਸ?

ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਤਰਜ਼ ਤੇ ਸੰਗਰੂਰ ਮੋਰਚੇ 'ਚੋਂ ਵਾਪਸੀ ਦੌਰਾਨ ਵਿਛੋੜਾ ਦੇ ਗਏ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦੀ ਮੰਗ ਲੈਕੇ ਪਿਛਲੇ ਤਿੰਨ ਦਿਨਾਂ ਤੋਂ ਸੈਂਕੜੇ ਮਜ਼ਦੂਰ ਤੇ ਪੀੜਤ ਪਰਿਵਾਰਾਂ ਵੱਲੋਂ ਫਿਲੌਰ ਵਿਖੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਮਜ਼ਦੂਰ ਪਰਿਵਾਰਾਂ ਨੂੰ ਰਾਹਤ ਦੇਣ ਲਈ ਤਿਆਰ ਨਹੀਂ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪੀੜਤ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਦੀ ਮੰਗ ਪ੍ਰਵਾਨ ਨਾ ਕੀਤੀ ਗਈ ਤਾਂ ਮਜ਼ਦੂਰ ਜਥੇਬੰਦੀਆਂ ਵੱਲੋਂ 20 ਸਤੰਬਰ ਨੂੰ ਫਿਲੌਰ ਵਿਖੇ ਵਿਸ਼ਾਲ ਤੇ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।

-PTC News

Related Post