ਜੇਕਰ ਸਿੱਖਾਂ ਨੇ ਜ਼ੁਲਮ ਦੇ ਖਿਲਾਫ਼ ਤਲਵਾਰ ਨਾ ਚੁੱਕੀ ਹੁੰਦੀ ਤਾਂ ਹਿੰਦੁਸਤਾਨ ਦਾ ਇਤਿਹਾਸ ਹੀ ਕੁੱਝ ਹੋਰ ਹੋਣਾ ਸੀ : ਪ੍ਰਵੇਸ਼ਵਰਮਾ

By  Shanker Badra March 11th 2019 07:10 PM

ਜੇਕਰ ਸਿੱਖਾਂ ਨੇ ਜ਼ੁਲਮ ਦੇ ਖਿਲਾਫ਼ ਤਲਵਾਰ ਨਾ ਚੁੱਕੀ ਹੁੰਦੀ ਤਾਂ ਹਿੰਦੁਸਤਾਨ ਦਾ ਇਤਿਹਾਸ ਹੀ ਕੁੱਝ ਹੋਰ ਹੋਣਾ ਸੀ : ਪ੍ਰਵੇਸ਼ਵਰਮਾ:ਨਵੀਂ ਦਿੱਲੀ : ਸਿੱਖਾਂ ਦੀ ਬਹੁਤਾਤ ਵਸੋਂ ਵਾਲੇ ਇਲਾਕੇ ’ਚ ਸਥਿਤੀ ਸ਼ੁਭਾਸਨਗਰ ਚੌਂਕ ਪੈਸੇਫਿਕ ਮਾਲ ਦੇ ਸਾਹਮਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਛਮੀ ਦਿੱਲੀ ਦੇ ਮੈਂਬਰ ਪਾਰਲੀਮੈਂਟ ਪ੍ਰਵੇਸ਼ ਸਾਹਿਬ ਸਿੰਘ ਵਰਮਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਵਿੱਚ ਪਹਿਲੀ ਵਾਰ ਦਿੱਲੀ ਫਤਿਹ ਕਰਨ ਵਾਲੇ ਤਿੰਨ ਮਹਾਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆਂ ਦੇ ਸਥਾਪਿਤ ਬੁੱਤ ਦਿੱਲੀ ਦੀਆਂ ਸੰਗਤਾਂ ਨੂੰ ਸਮਰਪਿਤ ਕੀਤੇ ਗਏ।ਇਸ ਮੌਕੇ ’ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰੰਘ, ਬੁੱਢਾ ਦਲ ਦੇ ਮੁੱਖੀ ਬਾਬਾ ਬਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ, ਪੱਛਮੀ ਦਿੱਲੀ ਦੇ ਪਾਰਨੀਮੈਂਟ ਮੈਂਬਰ ਪ੍ਰਵੇਸ ਸਾਹਿਬ ਸਿੰਘ ਵਰਮਾ ਨੇ ਇਸ ਇਤਿਹਾਸਕ ਮੌਕੇ ਤੇ ਸਮੂਲੀਅਤ ਕੀਤੀ।

Delhi committee Great Singh Generals Statues Inauguration ਜੇਕਰ ਸਿੱਖਾਂ ਨੇ ਜ਼ੁਲਮ ਦੇ ਖਿਲਾਫ਼ ਤਲਵਾਰ ਨਾ ਚੁੱਕੀ ਹੁੰਦੀ ਤਾਂ ਹਿੰਦੁਸਤਾਨ ਦਾ ਇਤਿਹਾਸ ਹੀ ਕੁੱਝ ਹੋਰ ਹੋਣਾ ਸੀ : ਪ੍ਰਵੇਸ਼ਵਰਮਾ

ਇਸ ਮੌਕੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਇਸ ਪੰਥਕ ਕਾਰਜ ਦੀ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਕਮੇਟੀ ਦੇ ਅਹੁਦੇਦਾਰ ਇਸੇ ਤਰ੍ਹਾਂ ਹੀ ਪੰਥ ਦੇ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਨਿਭਾਉਂਦੇ ਰਹਿਣ ਅਤੇ ਸਿੱਖਾਂ ਦੇ ਸ਼ਾਨਾਮਤੀ ਇਤਿਹਾਸ ਨੂੰ ਸੰਸਾਰ ਭਰ ’ਚ ਜਾਣੂ ਕਰਾਉਣ। ਜਥੇਦਾਰ ਸਾਹਿਬਾਨ ਨੇ ਬੁੱਤ ਸਥਾਪਿਤ ਕਰਨ ਲਈ ਪ੍ਰਵੇਸ ਸਾਹਿਬ ਸਿੰਘ ਵਰਮਾ ਅਤੇ ਕਮੇਟੀ ਦੇ ਜਨਰਲ ਸਕੱਤਰ ਤੇ ਰਾਜੌਰੀ ਗਾਰਡਨ ਵਿਧਾਨ ਸਭਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ।

Delhi committee Great Singh Generals Statues Inauguration ਜੇਕਰ ਸਿੱਖਾਂ ਨੇ ਜ਼ੁਲਮ ਦੇ ਖਿਲਾਫ਼ ਤਲਵਾਰ ਨਾ ਚੁੱਕੀ ਹੁੰਦੀ ਤਾਂ ਹਿੰਦੁਸਤਾਨ ਦਾ ਇਤਿਹਾਸ ਹੀ ਕੁੱਝ ਹੋਰ ਹੋਣਾ ਸੀ : ਪ੍ਰਵੇਸ਼ਵਰਮਾ

ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਠਾਠਾ ਮਾਰਦੇ ਸਿੱਖਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2013 ਤੋਂ ਦਿੱਲੀ ਕਮੇਟੀ ਦੀ ਸੇਵਾ ਪ੍ਰਾਪਤ ਹੋਈ ਉਸ ਤੋਂ ਬਾਅਦ ਦਿੱਲੀ ਕਮੇਟੀ ਨੇ ਸਿੱਖਾਂ ਦੇ ਭੁਲਾ ਚੁੱਕੇ ਇਤਿਹਾਸ ਨੂੰ ਮੁੜ ਸੁਰਜੀਤ ਕਰਕੇ ਸੰਸਾਰ ਭਰ ਦੇ ਸਾਹਮਣੇ ਲਿਆਉਣ ਲਈ ਲਾਲ ਕਿਲੇ ’ਤੇ ਫਤਹਿ ਦਿਵਸ ਮਨਾਉਣਾ ਅਤੇ ਹੋਰ ਸ਼ਤਾਬਦੀਆਂ ਨੂੰ ਵੱਡੇ ਪੱਧਰ ’ਤੇ ਮਨਾਉਣਾ ਸ਼ੁਰੂ ਕੀਤਾ।ਇਹ ਉਹੀ ਜਰਨੈਲ ਸਨ ਜਿਨ੍ਹਾਂ ਨੇ ਦੇਸ਼ ਦੀ ਗੈਰਤ ਜੀਉਂਦਾ ਕਰਕੇ ਉਸ ਸਮੇਂ ਦਿੱਲੀ ’ਚ ਗੁਰਧਾਮਾਂ ਦੀ ਨਿਸ਼ਾਨਦੇਹੀ ਕਰਕੇ ਉਥੇ ਗੁਰਦੁਆਰੇ ਸਥਾਪਿਤ ਕੀਤੇ ਜਦੋਂ ਮੁਗਲਾਂ ਦੀ ਤੂਤੀ ਬੋਲਦੀ ਸੀ।ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਉਪਰਾਲਾ ਹੋਇਆ ਕਿ ਤਿੰਨ ਜਰਨੈਲਾਂ ਦੇ ਆਦਮਕੱਦ ਬੁੱਤ ਲਗਾਏ ਹਨ।ਅੱਜ ਲਾਲ ਕਿਲੇ ਹੋਣ ਵਾਲੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਵਿੱਚ ਇਹ ਤਾਂ ਦੱਸਿਆ ਜਾਂਦਾ ਹੈ ਕਿ ਗੋਰਿਆਂ ਤੋਂ ਦੇਸ਼ ਨੂੰ ਆਜਾਦੀ ਕਿਵੇਂ ਮਿਲੀ ਪਰ ਇਹ ਨਹੀਂ ਦੱਸਿਆ ਜਾਂਦਾ ਕਿ ਮੁਗਲਾਂ ਤੋਂ ਹਿੰਦੁਤਾਨੀਆਂ ਨੂੰ ਪਹਿਲੀ ਆਜ਼ਾਦੀ ਕਿਸਨੇ ਦਿਵਾਈ।ਦਿੱਲੀ ਫਤਹਿ ਕਰਨ ਤੋਂ ਬਾਅਦ ਇਨ੍ਹਾਂ ਜਰਨੈਲਾ ਨੇ ਮੁਗਲ ਸਲਤਨਤ ਦਾ ਫਖਰ ਤਖਤ-ਏ-ਤਾਊਸ ਪੁੱਟ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੈਰਾਂ ਵਿੱਚ ਜਾ ਸੁੱਟਿਆ ਜੋ ਅੱਜ ਵੀ ਰਾਮਗੜ੍ਹੀਆਂ ਬੁੰਗੇ ਵਿੱਚ ਪਿਆ ਹੈ।ਭਾਵੇਂ ਮੌਕੇ ਦੀਆਂ ਸਰਕਾਰਾਂ ਨੇ ਸਾਡੀ ਨਸ਼ਲਕੁਸ਼ੀ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਗੁਰੂ ਮਹਾਰਾਜ ਦੀ ਕਿਰਪਾ ਸੱਦਕਾ ਸਿੱਖ ਫਿਰ ਵੀ ਚੜ੍ਹਦੀ ਕਲਾ ਵਿੱਚ ਵਿੱਚਰ ਰਹੇ ਹਨ।ਸਿੱਖਾਂ ਦੀ ਹਸਤੀ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਸਾਡਾ ਇਤਿਹਾਸ ਅਤੇ ਵਿਰਸਾ ਸਾਡੇ ਕੰਮਾਂ ਨਾਲ ਬੋਲਦਾ ਹੈ।ਸਿਰਸਾ ਨੇ ਸਾਰਾਗੜ੍ਹੀ ਦੀ ਜੰਗ, ਕਾਰਗਿਲ ਦੀ ਜੰਗ ਆਦਿ ਬਾਰੇ ਜ਼ਿਕਰ ਵੀ ਕੀਤਾ।ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਦਿੱਲੀ ਸਰਕਾਰ ਵਿੱਚ ਮੇਰੇ 3 ਹੋਰ ਸਿੱਖ ਭਰਾ ਵਿਧਾਇਕ ਹਨ ਪਰ ਉਨ੍ਹਾਂ ਨੇ ਅੱਜ ਤੱਕ ਮੈਨੂੰ ਕਿਸੇ ਵੀ ਪੰਥਕ ਕਾਰਜ ਲਈ ਆਪਣਾ ਸਹਿਯੋਗ ਨਹੀਂ ਦਿੱਤਾ। ਮੈਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਮੌਕੇ ਬਾਰਾਮੂਲਾ ਪੁਲ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਣ ਦੀ ਜੋ ਕਵਾਇਦ ਸ਼ੁਰੂ ਕੀਤੀ ਸੀ ਉਹ ਸਿਰਫ ਦਿੱਲੀ ਸਰਕਾਰ ਦੇ ਕਾਗਜਾਂ ਤਕ ਹੀ ਸਿਮਟ ਕੇ ਰਹਿ ਗਈ।ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਬੁੱਤ ਸਥਾਪਿਤ ਕਰਨ ਲਈ ਸਾਨੂੰ ਉਸ ਦੀ ਸਮੇਂ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਦਿੱਲੀ ’ਚ ਆਪਣੀ ਜਗਾ ਦਿੱਤੀ ਗਈ।ਸਿਰਸਾ ਨੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਡੇੜ ਏਕੜ ਦੇ ਥਾਂ ਨੂੰ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਸ ਮੌਕੇ ’ਤੇ ਬਾਬਾ ਬਲਬੀਰ ਸਿੰਘ ਜੀ ਮੁੱਖੀ ਬਾਬਾ ਬੁੱਢਾ ਦਲ ਨੇ ਕਿਹਾ ਕਿ ਇਸ ਕਾਰਜ ਨੂੰ ਸਿਰੇ ਚਾੜਨ ਵਾਲੇ ਸਾਰੇ ਸੱਜਣ ਵਧਾਈ ਦੇ ਪਾਤਰ ਹਨ।ਸਿੱਖਾਂ ਵੱਲੋਂ ਦਿੱਲੀ ਫਤਹਿ ਕਰਕੇ ਰਾਜ ਸਥਾਪਤ ਕਰਨ ਦਾ ਕੋਈ ਮਤੰਵ ਨਹੀਂ ਸੀ ਉਸ ਸਿਰਫ ਜਾਲਮਾਂ ਨੂੰ ਖਤਮ ਕਰਨ ਲਈ ਹੀ ਆਪਣੇ ਹਥਿਆਰ ਚੁੱਕਦੇ ਸਨ।ਉਨ੍ਹਾਂ ਨੇ ਸੰਗਤਾਂ ਨੂੰ 2019 ਵਿੱਚ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ’ਤੇ ਇਹਨਾਂ ਪ੍ਰੋਗਰਾਮਾਂ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਅਪੀਲ ਕੀਤੀ।ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਸਾਡੀ ਕੌਮ ਭਾਵੇਂ ਸਾਡੀ ਕੌਮ ਗਿਣਤੀ ਵਿੱਚ ਘੱਟ ਹੈ ਪਰ ਸਾਡਾ ਇਤਿਹਾਸ ਬਹੁਤ ਵੱਡਾ ਹੈ।ਜੇਕਰ ਦੇਸ਼ ਸਾਡੇ ਇਤਿਹਾਸ ਤੋਂ ਜਾਣਬੁੱਝ ਕੇ ਅਵੇਸਲੇ ਨਾ ਹੁੰਦਾ ਤਾਂ ਇਨ੍ਹਾਂ ਜਰਨੈਲਾਂ ਦੇ ਬੁੱਤ 1947 ਤੋਂ ਪਹਿਲਾ ਹੀ ਲੱਗ ਚੁੱਕੇ ਹੁੰਦੇ।ਇਹ ਉਹੀ ਕੌਮ ਹੈ ਜਿਸਦੇ ਸਿਰਾਂ ਦੇ ਮੁੱਲ ਪਏ ਅਤੇ ਜਿਨ੍ਹਾਂ ਨੇ ਭਾਰਤ ਨੂੰ ਅੰਗਰੇਜਾਂ ਤੋਂ ਮੁਕਤ ਕਰਾਉਣ ਲਈ ਅਹਿਮ ਯੋਗਦਾਨ ਪਾਇਆ।ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਗਰੇਜ਼ ਸਰਕਾਰ ਤੋਂ ਗੁਰਦੁਆਰਾ ਪ੍ਰਬੰਧ ਵਾਪਿਸ ਲੈਣ ’ਤੇ ਮਹਾਤਮਾਂ ਗਾਂਧੀ ਵੱਲੋਂ ਇਸ ਜਿੱਤ ਦੀ ਵਧਾਈ ਦਾ ਜ਼ਿਕਰ ਵੀ ਕੀਤਾ।

ਪ੍ਰਵੇਸ਼ ਵਰਮਾ ਨੇ ਕਿਹਾ ਮਨਜਿੰਦਰ ਸਿੰਘ ਸਿਰਸਾ ਸਿੱਖਾਂ ਦੀ ਸ਼ਾਨ ਹਨ ਤੇ ਇਨ੍ਹਾਂ ਦੇ ਸਹਿਯੋਗ ਸਦਕਾ ਹੀ ਅਸੀਂ ਅੱਜ ਇੱਥੇ ਸਿੱਖ ਜਰਨੈਲਾਂ ਦੇ ਬੁੱਤਾ ਨੂੰ ਲਗਾਉਣ ਵਿੱਚ ਕਾਮਯਾਬ ਹੋਏ।ਉਨਾਂ ਨੇ 1984 ਦਾ ਜਿਕਰ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਜੀ ਨੇ ਸਿੱਖ ਪਰਿਵਾਰਾਂ ਦੀ ਜਾਨ ਬਚਾਈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਦੇਸ਼ ’ਤੇ ਬਹੁਤ ਵੱਡਾ ਪਰਉਪਕਾਰ ਹੈ।ਜੇਕਰ ਸਿੱਖਾਂ ਨੇ ਜ਼ੁਲਮ ਦੇ ਖਿਆਲ ਤਲਵਾਰ ਨਾ ਚੁੱਕੀ ਹੁੰਦੀ ਤਾਂ ਅੱਜ ਹਿੰਦੋਸਤਾਨ ਦਾ ਇਤਿਹਾਸ ਕੁੱਝ ਹੋਰ ਹੋਣਾ ਸੀ।ਅੱਜ ਜੇਕਰ ਹਿੰਦੂ ਕੌਮ ਦਾ ਵਜ਼ੂਦ ਹੈ ਤਾਂ ਉਹ ਸਿਰਫ ਤੇ ਸਿਫਰ ਸਿੱਖ ਕੌਮ ਦੇ ਇਨ੍ਹਾਂ ਮਹਾਨ ਜਰਨੈਲਾਂ ਦੇ ਕਾਰਨ।ਉਨ੍ਹਾਂ ਨੇ ਕਿਹਾ ਇਨ੍ਹਾਂ ਬੁੱਤਾਂ ਦੀ ਸਥਾਪਨਾ ਕਰਕੇ ਉਹ ਸਿੱਖ ਕੌਮ ਵੱਲੋਂ ਕੀਤੇ ਪਰਉਪਕਾਰਾਂ ਦਾ ਛੋਟਾ ਜਿਹਾ ਸ਼ੁਕਰੀਆਂ ਅਦਾ ਕਰ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਇਸ ਪਾਰਕ ਦੀ ਦਿੱਖ ਆਪਣੇ ਆਪ ਵਿੱਚ ਬੇਮਿਸਾਲ ਹੋਵੇਗੀ।ਉਨ੍ਹਾਂ ਨੇ 26 ਦਸੰਬਰ ਨੂੰ ਆਉਣ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਸ਼ਹੀਦੀ ਦਿਹਾੜਾ ਨੂੰ ‘ਬਾਲ ਦਿਵਸ’ ਦੇ ਰੂਪ ਵਿੱਚ ਮਨਾਉਣ ਅਤੇ ਸਿੱਖਾ ਦੇ ਇਤਿਹਾਸ ਨੂੰ ਦੇਸ਼ ਦੇ ਬੱਚਿਆਂ ਪੜਾਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ।

ਅਵਤਾਰ ਸਿੰਘ ਹਿੱਤ ਨੇ ਸਿੱਖਾਂ ਦੀ ਇਤਿਹਾਸ ਦੀ ਗੱਲ ਕਰਦਿਆਂ ਹੋਇਆ ਕਿਹਾ ਕਿ ਇਹ ਜਿਹੜੇ ਬੁੁੱਤ ਲੱਗੇ ਹਨ ਉਹ ਹਿੰਦੁਸਤਾਨ ਤੇ ਭਾਰਤ ਦਾ ਵਿਰਸਾ ਹਨ।ਅਸੀਂ ਗੋਰਿਆਂ ਦੀ ਗੱਲ ਕਰਦੇ ਹਾਂ, ਅੰਗਰੇਜ਼ਾ ਤੋਂ ਅਜਾਦੀ ਦੀ ਗੱਲ ਕਰਦੇ ਹਾਂ ਪਰ ਪਹਿਲੀ ਆਜਾਦੀ ਮੁਸਲਮਾਨਾਂ ਤੋਂ ਸਿੱਖਾਂ ਨੇ ਹੀ ਦਿਵਾਈ।ਉਨ੍ਹਾਂ ਨੇ ਕੇਜਰੀਵਾਲ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸਾਨੂੰ ਬੁੱਤ ਲਗਾਉਣ ਨਹੀਂ ਦਿੰਦਾ ਸੀ, ਕਦੀ ਸੁਪਰੀਮ ਕੋਰਟ ਦਾ ਬਹਾਨਾ ਬਣਾਉਂਦਾ ਸੀ ਪਰ ਅਸੀਂ ਅੱਜ ਉਸਨੂੰ ਦੱਸ ਦਿੱਤਾ ਕਿ ਬੁੱਤ ਇਵੇਂ ਲਗਦਾ ਹਨ।ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਸੀਸਗੰਜ ਨਾ ਰਿਹਾ ਤਾਂ ਜੈਨ ਮੰਦਿਰ ਵੀ ਨਹੀਂ ਰਹੇਗਾ ਤੇ ਨਾ ਹੋਰ ਕੋਈ ਹਿੰਦੂ ਮੰਦਿਰ।ਉਹਨਾਂ ਨੇ ਹਰੀ ਸਿੰਘ ਨਲੂਆਂ, ਬਾਬਾ ਬਿਨੋਦ ਸਿੰਘ, ਨਵਾਬ ਕਪੂਰ ਸਿੰਘ ਅਤੇ ਹੋਰਨਾਂ ਜਰਨੈਲਾਂ ਦੇ ਕੀਤੇ ਗਏ ਮਹਾਨ ਕੰਮਾਂ ਅਤੇ ਸਿੱਖੀ ਪ੍ਰਚਾਰ ਬਾਰੇ ਸੰਗਤਾਂ ਨੂੰ ਯਾਦ ਦਿਵਾਇਆ ਤੇ ਕਿਹਾ ਕਿ ਸਰਕਾਰਾਂ ਡਰਦੀਆਂ ਹਨ ਕਿ ਜੇਕਰ ਸਿੱਖਾਂ ਦਾ ਵਿਰਸਾ ਪੜਾਇਆ ਜਾਣ ਲਈ ਸਕੂਲ ਖੋਲਿਆ ਤਾਂ ਸਾਰਾ ਹਿੰਦੂਸਤਾਨ ਹੀ ਸਿੱਖ ਰਾਜ ਬਣ ਜਾਵੇਗਾ।ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਕੌਮ ਅਤੇ ਦੇਸ ਦੇ ਆਪਣੇ ਹੱਕਾਂ ਲਈ ਲੜਦੇ ਰਹਿਣਾ ਚਾਹੀਦਾ ਹੈ।

ਇਸ ਮੌਕੇ ’ਤੇ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਸ ਥਾਂ ਤੋਂ ਲਗਭਗ 1 ਕਿਲੋਮੀਟਰ ਦੂਰ 1984 ’ਚ ਹੋਏ ਸਿੱਖ ਕਤਲੇਆਮ ਦੀਆਂ ਵਿਧਾਵਾਂ ਅਤੇ ਪਰਿਵਾਰਾਂ ਦੀ ਵਸਾਈ ਗਈ ਕਾਲੌਨੀ ਉਸ ਸਮੇਂ ਦੀ ਸਰਕਾਰ ਦੇ ਮੂੰਹ ’ਤੇ ਚਪੇੜ ਹੈ। ਅੱਜ ਸਿੱਖਾਂ ਨੇ ਇਥੇ ਬੁੱਤ ਸਥਾਪਿਤ ਕਰਕੇ ਸਰਕਾਰਾਂ ਨੂੰ ਇਹ ਦੱਸ ਦਿੱਤਾ ਹੈ ਕਿ ਸਿੱਖਾਂ ’ਤੇ ਭਾਵੇਂ ਕਿੰਨੇ ਵੀ ਜ਼ੁਲਮ ਕੀਤੇ ਜਾਣ, ਪਰ ਉਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੀ ਹੋਂਦ ਦਾ ਅਹਿਸਾਸ ਕਰਾਉਂਦੇ ਰਹਿਣਗੇ। ਉਨ੍ਹਾਂ ਨੇ ਇਸ ਮੌਕੇ ਪਹੁੰਚੀਆਂ ਸੰਗਤਾਂ ਅਤੇ ਪੱਤਵੰਤੇ ਸੱਜਣਾਂ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ‘ਤੇ ਸਿੱਖ ਜਥੇਬੰਦੀਆਂ, ਸਾਰੀ ਸਿੰਘ ਸਭਾਵਾਂ, ਨਿਹੰਗ ਜਥੇਬੰਦੀਆਂ, ਤਖ਼ਤਾਂ ਦੇ ਜਥੇਦਾਰਾਂ ਦੇ ਸਨਮਾਨ ਕੀਤੇ ਗਏ, ਸਮੂਹ ਦਿੱਲੀ ਕਮੇਟੀ ਦੇ ਮੈਂਬਰ ਅਤੇ ਹੋਰ ਕਈ ਮੰਨੇ ਪ੍ਰਮੰਨੇ ਵਿਅਕਤੀ ਸ਼ਾਮਲ ਹੋਏ।

-PTCNews

Related Post