ਦਲਿਤ ਵਿਦਿਆਰਥਣ ਦੇ ਹੱਕਾਂ ਦੀ ਰਾਖੀ ਨਾ ਕਰਨ ਲਈ ਅਸਤੀਫਾ ਦੇਣ ਧਰਮਸੋਤ: ਅਕਾਲੀ ਦਲ

By  Joshi January 6th 2018 07:43 PM

Dharamsot should resign for failing to protect rights of SC girl student says SAD:

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਹਲਕੇ ਦੀ ਇੱਕ ਦਲਿਤ ਲੜਕੀ ਦੇ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ ਲਈ ਨੈਤਿਕ ਆਧਾਰ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ। ਪਾਰਟੀ ਨੇ ਕਿਹਾ ਕਿ ਇਸ ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਉੱਤੇ ਸ਼ਰੇਆਮ ਅੱਤਿਆਚਾਰ ਕੀਤਾ ਜਾ ਰਿਹਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਪ੍ਰੀਖਿਆ ਦੌਰਾਨ ਤਿੰਨ ਲੜਕਿਆਂ ਨੂੰ ਨਕਲ ਮਰਵਾਉਣ ਵਿਚ ਮੱਦਦ ਕਰਨ ਤੋਂ ਇਨਕਾਰ ਕਰਨ ਉੱਤੇ ਵੀਰਪਾਲ ਕੌਰ ਨਾਂ ਦੀ ਦਲਿਤ ਲੜਕੀ ਦੀ ਕੁੱਟਮਾਰ ਕੀਤੀ ਸੀ ਅਤੇ ਉਸ ਨੂੰ ਅਜੇ ਤੀਕ ਇਨਸਾਫ ਨਹੀਂ ਮਿਲਿਆ ਹੈ।

Dharamsot should resign for failing to protect rights of SC girl student says SADDharamsot should resign for failing to protect rights of SC girl student says SAD: ਅਕਾਲੀ ਬੁਲਾਰੇ ਨੇ ਕਿਹਾ ਕਿ ਇਹ ਵੀ ਪਤਾ ਚੱਲਿਆ ਹੈ ਕਿ ਐਸਸੀ/ਬੀਸੀ ਭਲਾਈ ਮੰਤਰੀ ਉਸ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਭਾਟੀਆ ਅਤੇ ਕਲਰਕ ਜਸਵੀਰ ਸਿੰਘ ਦੀ ਮੱਦਦ ਕਰ ਰਹੇ ਹਨ, ਜਿਹਨਾਂ ਨੇ ਤਿੰਨ ਲੜਕਿਆਂ ਨਾਲ ਮਿਲ ਕੇ ਵੀਰਪਾਲ ਦੀ ਕੁੱਟਮਾਰ ਕੀਤੀ ਸੀ। ਇੱਥੋਂ ਤਕ ਕਿ ਵੀਰਪਾਲ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਉਹਨਾਂ ਦੀਆਂ ਸ਼ਿਕਾਇਤਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇੱਕ ਦਲਿਤ ਮੰਤਰੀ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਸੀ। ਧਰਮਸੋਤ ਨੂੰ ਆਪਣਾ ਸੰਵਿਧਾਨਿਕ ਫਰਜ਼ ਨਾ ਨਿਭਾਉਣ ਦੀ ਜ਼ਿੰਮੇਵਾਰੀ ਲੈਂਦਿਆਂ ਨੈਤਿਕ ਆਧਾਰ ਉੱਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀ ਉਹਨਾਂ ਖਿਲਾਫ ਇੱਕ ਜਨ ਅੰਦੋਲਨ ਸ਼ੁਰੂ ਕਰਕੇ ਉਹਨਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕਰ ਦਿਆਂਗੇ।

ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਧਰਮਸੋਤ ਬਤੌਰ ਮੰਤਰੀ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੇ ਹੋਣ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੰਤਰੀ ਨੇ 43 ਹਜ਼ਾਰ ਐਸਸੀ ਅਤੇ ਬੀਸੀ ਲੜਕੀਆਂ ਨੂੰ 'ਸ਼ਗਨ' ਦੀ ਰਾਸ਼ੀ ਵੰਡਣ ਵਿਚ ਨਾਕਾਮੀ ਵਿਖਾਈ ਹੈ, ਜਿਸ ਦੀ ਉਹ ਪਿਛਲੇ ਦਸ ਮਹੀਨਿਆਂ ਤੋਂ ਉਡੀਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੰਤਰੀ ਨੇ ਦਸਵੀਂ ਪਾਸ ਕਰ ਚੁੱਕੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਨਹੀਂ ਵੰਡੇ ਜਦਕਿ ਇਸ ਵਾਸਤੇ ਕਾਂਗਰਸ ਸਰਕਾਰ ਕੇਂਦਰ ਤੋਂ 117 ਕਰੋੜ ਰੁਪਏ ਦੀ ਰਾਸ਼ੀ ਹਾਸਿਲ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਿਰ ਦਲਿਤ ਵਿਦਿਆਰਥੀਆਂ ਦੀ ਫੀਸ ਨਾ ਦਿੱਤੇ ਜਾਣ ਕਰਕੇ ਹਜ਼ਾਰਾਂ ਵਿਦਿਆਰਥੀ ਦਾਖ਼ਲੇ ਨਹੀ ਲੈ ਪਾਏ ਅਤੇ ਬਹੁਤ ਸਾਰਿਆਂ ਨੂੰ ਇਮਤਿਹਾਨਾਂ ਅੰਦਰ ਨਹੀਂ ਬੈਠਣ ਦਿੱਤਾ ਗਿਆ।

Dharamsot should resign for failing to protect rights of SC girl student says SADਸ੍ਰੀ ਟੀਨੂੰ ਨੇ ਕਿਹਾ ਕਿ ਧਰਮਸੋਤ ਦੀ ਆਪਣੇ ਵਿਭਾਗ ਨੂੰ ਚਲਾਉਣ ਲਈ ਕੁਸ਼ਲਤਾ ਦੀ ਘਾਟ ਕਰਕੇ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਸ ਮੰਤਰੀ ਦੀ ਕਾਰਜਕੁਸ਼ਲਤਾ ਉੱਤੇ ਰਤੀ ਭਰ ਵੀ ਭਰੋਸਾ ਨਹੀਂ ਰਿਹਾ, ਇਸ ਲਈ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

—PTC News

Related Post