Diwali 2022: ਪ੍ਰਦੂਸ਼ਣ ਦੇ ਮੱਦੇਨਜ਼ਰ ਕਈ ਸੂਬਿਆਂ 'ਚ ਪਟਾਕੇ ਬੈਨ, ਜਾਣੋ ਆਪਣੇ ਸੂਬੇ ਦਾ ਹਾਲ

By  Jasmeet Singh October 24th 2022 02:00 PM -- Updated: October 24th 2022 02:01 PM

Ban on crackers (Diwali 2022): ਕੋਰੋਨਾ ਕਾਲ ਦੇ ਦੌਰ ਤੋਂ ਬਾਅਦ ਇਸ ਵਾਰਾਂ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਤਿਓਹਾਰ ਪਟਾਕਿਆਂ ਦਾ ਤਿਓਹਾਰ ਹੈ ਪਰ ਦਿੱਲੀ ਸਮੇਤ ਕਈ ਰਾਜਾਂ 'ਚ ਪਟਾਕਿਆਂ 'ਤੇ ਲੱਗੀ ਪਾਬੰਦੀ ਕਾਰਨ ਕਈ ਲੋਕਾਂ ਲਈ ਇਹ ਤਿਉਹਾਰ ਫਿੱਕਾ ਪੈ ਸਕਦਾ ਹੈ। ਭਾਰਤ ਦੇ ਕਈ ਸੂਬਿਆਂ ਨੇ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਪਟਾਕਿਆਂ ਦੀ ਵਿਕਰੀ, ਖਰੀਦ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਮਾਹਿਰਾਂ ਦਾ ਕਹਿਣਾ ਕਿ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਪਟਾਕੇ ਫੂਕਣ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਇਸ ਲਈ ਕਈ ਸ਼ਹਿਰਾਂ 'ਚ ਪਟਾਕਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਕੁਝ ਸ਼ਹਿਰਾਂ ਨੇ ਦੀਵਾਲੀ 'ਤੇ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਆਓ ਜਾਣਦੇ ਹਾਂ ਦੇਸ਼ ਦੇ ਕਿਹੜੇ-ਕਿਹੜੇ ਸੂਬਿਆਂ ਅਤੇ ਸ਼ਹਿਰਾਂ ਨੇ ਦੀਵਾਲੀ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਦੇ ਨਾਲ ਕਿਸ ਤਰ੍ਹਾਂ ਦੇ ਨਿਯਮ ਜਾਰੀ ਕੀਤੇ ਹਨ।

ਪੰਜਾਬ ਤੇ ਚੰਡੀਗੜ੍ਹ

ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸ਼ਹਿਰਾਂ ਵਿੱਚ ਗ੍ਰੀਨ ਪਟਾਕੇ ਚਲਾਉਣ ਲਈ ਦੋ ਘੰਟੇ ਦੀ ਇਜਾਜ਼ਤ ਦਿੱਤੀ ਗਈ ਹੈ। ਲੋਕਾਂ ਨੂੰ ਦੀਵਾਲੀ 'ਤੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ।

ਹਰਿਆਣਾ

ਹਰਿਆਣਾ ਨੇ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਪਟਾਕਿਆਂ ਦੀ ਵਿਕਰੀ, ਖਰੀਦ ਅਤੇ ਵਰਤੋਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਹਰੇ ਪਟਾਕਿਆਂ ਦੀ ਆਗਿਆ ਦਿੱਤੀ ਗਈ ਹੈ।

ਰਾਜਧਾਨੀ ਦਿੱਲੀ

ਦਿੱਲੀ 'ਚ ਹਵਾ ਅਤੇ ਸ਼ੋਰ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਦਿੱਲੀ 'ਚ ਪਟਾਕਿਆਂ ਦੇ ਉਤਪਾਦਨ, ਸਟੋਰੇਜ, ਵਿਕਰੀ ਅਤੇ ਫੂਕਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਾਲ ਦੀਵਾਲੀ 'ਤੇ ਪਟਾਕੇ ਚਲਾਉਣ ਜਾਂ ਵੇਚਣ ਵਾਲਿਆਂ ਨੂੰ 200 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੇ ਜੁਰਮਾਨੇ ਜਾਂ ਤਿੰਨ ਸਾਲ ਦੀ ਕੈਦ ਦਾ ਐਲਾਨ ਕੀਤਾ ਗਿਆ ਹੈ।

ਮੁੰਬਈ

ਮੁੰਬਈ ਪੁਲਿਸ ਨੇ ਸ਼ਹਿਰ 'ਚ ਬਿਨਾਂ ਇਜਾਜ਼ਤ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਬਿਨਾਂ ਲਾਇਸੰਸ ਤੋਂ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉੱਤਰ ਪ੍ਰਦੇਸ਼

ਕੁਝ ਰਾਜਾਂ ਦੇ ਉਲਟ ਉੱਤਰ ਪ੍ਰਦੇਸ਼ ਸਰਕਾਰ ਨੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੀਵਾਲੀ ਦੌਰਾਨ ਵਾਤਾਵਰਣ ਪੱਖੀ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਨੂੰ ਉਤਸ਼ਾਹਿਤ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਅਤਿ ਸੰਵੇਦਨਸ਼ੀਲ ਪਟਾਕਿਆਂ ਦੀ ਵਿਕਰੀ ਨਹੀਂ ਹੋਣੀ ਚਾਹੀਦੀ।

ਬਿਹਾਰ

ਬਿਹਾਰ ਸਰਕਾਰ ਨੇ ਪਟਨਾ, ਮੁਜ਼ੱਫਰਪੁਰ ਅਤੇ ਗਯਾ ਵਿੱਚ ਹਰ ਤਰ੍ਹਾਂ ਦੇ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਵਰਤੋਂ 'ਤੇ ਪੂਰਨ ਪਾਬੰਦੀ ਦਾ ਐਲਾਨ ਕੀਤਾ ਹੈ। ਇਨ੍ਹਾਂ ਸ਼ਹਿਰਾਂ ਨੂੰ ਕਥਿਤ ਤੌਰ 'ਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP) ਦੇ ਤਹਿਤ ਗੈਰ-ਪ੍ਰਾਪਤੀ ਸ਼ਹਿਰਾਂ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਇਨ੍ਹਾਂ ਸ਼ਹਿਰਾਂ 'ਚ ਗ੍ਰੀਨ ਪਟਾਕਿਆਂ 'ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।

ਜੈਪੁਰ

ਬਾਕੀ ਸੂਬਿਆਂ ਦੇ ਉਲਟ ਜੇਕਰ ਤੁਸੀਂ ਪਟਾਕੇ ਚਲਾਉਣਾ ਚਾਹੁੰਦੇ ਹੋ ਤਾਂ ਜੈਪੁਰ ਤੁਹਾਡੇ ਲਈ ਸਹੀ ਜਗ੍ਹਾ ਹੈ। ਸ਼ਹਿਰ ਵਿੱਚ ਕਰੀਬ 107 ਦੁਕਾਨਾਂ ਨੂੰ ਪਟਾਕਿਆਂ ਦੀ ਵਿਕਰੀ ਲਈ ਪੱਕੇ ਲਾਇਸੰਸ ਦਿੱਤੇ ਗਏ ਹਨ।

ਚੇਨਈ

ਚੇਨਈ ਸ਼ਹਿਰ ਵਿੱਚ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਪਟਾਕੇ ਸਿਰਫ਼ ਦੋ ਘੰਟੇ ਭਾਵ ਸਵੇਰੇ 6 ਵਜੇ ਤੋਂ ਸਵੇਰੇ 7 ਵਜੇ ਅਤੇ ਸ਼ਾਮ 7 ਵਜੇ ਤੋਂ ਰਾਤ 8 ਵਜੇ ਤੱਕ ਹੀ ਚਲਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਚੇਨਈ 'ਚ ਚੀਨ ਦੇ ਬਣੇ ਪਟਾਕਿਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

-PTC News

Related Post