ਡੀਐਸਪੀ ਫਰੀਦਕੋਟ ਲਖਵੀਰ ਸਿੰਘ ਨਸ਼ਾ ਤਸਕਰ ਤੋਂ 10 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ

By  Jasmeet Singh July 6th 2022 06:41 PM

ਤਰਨਤਾਰਨ, 6 ਜੁਲਾਈ: ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਫਰੀਦਕੋਟ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਲਖਵੀਰ ਸਿੰਘ ਨੂੰ ਡਰੱਗ ਸਪਲਾਇਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਡੀਐਸਪੀ ਨੇ ਇਹ ਪੈਸਾ ਨਸ਼ਾ ਤਸਕਰ ਦਾ ਨਾਂਅ ਤਰਨਤਾਰਨ 'ਚ ਐਨਡੀਪੀਐਸ ਤਿਹਤ ਦਰਜ ਇੱਕ ਐਫਆਈਆਰ ਤੋਂ ਬਾਹਰ ਰੱਖਣ ਲਈ ਲਿਆ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ਹਰਿਆਣਾ ਪੁਲਿਸ ਕਾਂਸਟੇਬਲਾਂ ਦੀ ਭਰਤੀ 'ਤੇ ਰੋਕ ਲਗਾਈ

ਇਹ ਘਟਨਾ ਉਦੋਂ ਵਾਪਰੀ ਜਦੋਂ ਤਰਨਤਾਰਨ ਜ਼ਿਲ੍ਹਾ ਪੁਲਿਸ ਨੇ ਐਤਵਾਰ ਨੂੰ ਪੱਟੀ ਮੋੜ ਨੇੜੇ ਇੱਕ ਪੈਟਰੋਲ ਪੰਪ ਤੋਂ ਪਿਸ਼ੋਰਾ ਸਿੰਘ ਵਜੋਂ ਇੱਕ ਨਸ਼ਾ ਸਪਲਾਇਰ ਨੂੰ 250 ਗ੍ਰਾਮ ਅਫੀਮ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਸੀ। ਤਰਨਤਾਰਨ ਦੇ ਪਿੰਡ ਮਾਡਲ ਬੋਪਾਰਾਏ ਦਾ ਵਸਨੀਕ ਪਿਸ਼ੌਰਾ 30 ਜੂਨ 2022 ਦੀ ਐਫਆਈਆਰ ਵਿੱਚ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ 900 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸੁਰਜੀਤ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਸ਼ੌਰਾ ਤੋਂ ਅਫੀਮ ਖਰੀਦੀ ਸੀ, ਜੋ ਕਿ ਨਸ਼ੇ ਦਾ ਮੁੱਖ ਸਪਲਾਇਰ ਹੈ।

ਡੀਜੀਪੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਤਾਂ ਪਿਸ਼ੌਰਾ ਨੇ ਪੱਟੀ ਦੇ ਸੀਆਈਏ ਇੰਚਾਰਜ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਨਾ ਕਰਨ ਅਤੇ ਨਾਮਜ਼ਦ ਨਾ ਕਰਨ ਦੇ ਬਦਲੇ ਏਐਸਆਈ ਰਸ਼ਪਾਲ ਸਿੰਘ (ਐਮਐਚਸੀ ਸੀਆਈਏ ਪੱਟੀ ਵਜੋਂ ਤਾਇਨਾਤ) ਰਾਹੀਂ 7-8 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਇੰਚਾਰਜ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਟੀਮਾਂ ਨੇ ਪਿਸ਼ੌਰਾ ਨੂੰ ਗ੍ਰਿਫਤਾਰ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।

ਬਾਅਦ ਵਿਚ ਪਿਸ਼ੌਰਾ ਨੇ ਤਰਨਤਾਰਨ ਦੇ ਪਿੰਡ ਸੀਤੋ ਦੇ ਰਹਿਣ ਵਾਲੇ ਆਪਣੇ ਜਾਣਕਾਰ ਨਿਸ਼ਾਨ ਸਿੰਘ ਰਾਹੀਂ ਰਸ਼ਪਾਲ ਸਿੰਘ ਦੇ ਭਰਾ ਹੀਰਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਮਿਲ ਕੇ ਡੀਐਸਪੀ ਲਖਵੀਰ, ਜੋ ਕਿ ਹੀਰਾ ਸਿੰਘ ਦਾ ਚਚੇਰਾ ਭਰਾ ਵੀ ਸੀ, ਕੋਲ ਪਹੁੰਚ ਕੀਤੀ, ਜਿੱਥੇ ਡੀਐਸਪੀ ਨੇ 10 ਲੱਖ ਰੁਪਏ ਵਿਚ ਸਮਝੌਤਾ ਕਰਵਾ ਲਿਆ। ਪਿਸ਼ੋਰਾ ਸਿੰਘ ਦੇ ਖੁਲਾਸੇ 'ਤੇ ਪੁਲਿਸ ਨੇ ਹੀਰਾ ਸਿੰਘ ਦੇ ਘਰੋਂ 9.97 ਲੱਖ ਰੁਪਏ ਵੀ ਬਰਾਮਦ ਕੀਤੇ ਹਨ।

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਗੌਰਵ ਯਾਦਵ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਕਿਸੇ ਵੀ ਪੁਲੀਸ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਵਿੱਚ ਏਐਸਆਈ ਰਸ਼ਪਾਲ ਸਿੰਘ, ਨਿਸ਼ਾਨ ਸਿੰਘ ਅਤੇ ਹੀਰਾ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੈਸਟ ਫੈਕਲਟੀ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਕੱਢੀ ਭੜਾਸ

ਇਸ ਦੌਰਾਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ, ਅਤੇ 8 (1), ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 213, 214, ਅਤੇ 120ਬੀ ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 29 ਅਤੇ 59 ਸ਼ਾਮਲ ਕੀਤੀਆਂ ਗਈਆਂ ਹਨ।

-PTC News

Related Post