ਬਿਆਸ ਦਰਿਆ ਮਾਮਲਾ :ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ 2 ਅਧਿਕਾਰੀਆਂ ਨੂੰ ਕੀਤਾ ਮੁਅੱਤਲ

By  Shanker Badra May 25th 2018 06:52 PM

ਬਿਆਸ ਦਰਿਆ ਮਾਮਲਾ :ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ 2 ਅਧਿਕਾਰੀਆਂ ਨੂੰ ਕੀਤਾ ਮੁਅੱਤਲ:ਬਿਆਸ ਦਰਿਆ ਵਿੱਚ ਸੀਰਾ ਮਿਲਣ ਦੇ ਮਾਮਲੇ ‘ਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਤੋਂ ਬਾਅਦ ਚੱਢਾ ਸ਼ੂਗਰ ਮਿੱਲ ਮਾਮਲੇ ਵਿੱਚ ਸਰਕਾਰ ਵੀ ਹਰਕਤ ਵਿੱਚ ਆਈ ਹੈ।ਮੰਤਰੀ ਨੇ ਸਖ਼ਤ ਕਦਮ ਚੁਕਦਿਆਂ ਵਾਤਾਵਰਣ ਵਿਭਾਗ ਦੇ ਖੇਤਰੀ ਦਫ਼ਤਰ ਬਟਾਲਾ ਵਿਖੇ ਤਾਇਨਾਤ ਵਾਤਾਵਰਣ ਇੰਜਨੀਅਰ ਕੁਲਦੀਪ ਸਿੰਘ ਤੇ ਸਹਾਇ ਵਾਤਾਵਰਣ ਇੰਜਨੀਅਰ ਅੰਮ੍ਰਿਤਪਾਲ ਸਿੰਘ ਚਾਹਲ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕੀਤਾ ਹੈ।

ਪੰਜਾਬ ਸਰਕਾਰ ਨੇ ਚੱਡਾ ਸ਼ੂਗਰ ਮਿੱਲ ਦੇ ਅਧੀਨ ਅੰਦਰ ਚੱਲਦੀਆਂ ਚਾਰੇ ਫੈਕਟਰੀਆਂ ਬੰਦ ਕਰਵਾ ਦਿੱਤੀਆਂ ਹਨ ਪਰ ਹੁਣ ਇਸ ਮਾਮਲੇ ਵਿੱਚ ਅਧਿਕਾਰੀਆਂ ਉੱਪਰ ਕਾਰਵਾਈ ਸ਼ੁਰੂ ਹੋ ਗਈ ਹੈ।ਇਸ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।ਓ.ਪੀ ਸੋਨੀ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਵਲੋਂ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਚੈਕਿੰਗ 'ਚ ਕੁਤਾਹੀ ਵਰਤੀ ਗਈ,ਜਿਸ ਕਾਰਨ ਬਿਆਸ ਦਰਿਆ ਵਿਚ ਸੀਰਾ ਰਲਣ ਦੀ ਘਟਨਾ ਵਾਪਰੀ ਹੈ।

ਉਨ੍ਹਾਂ ਦੱਸਿਆ ਕਿ ਇਸ ਕੁਤਾਹੀ ਕਾਰਨ ਜਲ ਅਤੇ ਜਲ ਜੀਵਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਿਆ ਹੈ,ਜੋ ਕਿ ਬਰਦਾਸ਼ਤਯੋਗ ਨਹੀਂ ਹੈ।ਸੋਨੀ ਨੇ ਵਾਤਾਵਰਣ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਉਹ ਆਪਣੇ ਅਧੀਨ ਆਉਦੇ ਖੇਤਰਾਂ ਵਿਚ ਨਿਯਮਿਤ ਚੈਕਿੰਗ ਕਰਨੀ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਨਅਤੀ ਅਦਾਰਿਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਉਣ।

-PTCNews

Related Post