ਈਟੀਟੀ/ਟੈੱਟ ਪਾਸ ਅਧਿਆਪਕਾਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ, ਸਰਕਾਰ ਦੀਆਂ ਵਧੀਆਂ ਮੁਸ਼ਕਲਾਂ

By  Jasmeet Singh July 29th 2022 03:37 PM

ਨਵੀਂ ਦਿੱਲੀ, 29 ਜੁਲਾਈ: 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਵਾਲੇ ਈਟੀਟੀ/ਟੀਈਟੀ ਪਾਸ ਅਧਿਆਪਕਾਂ ਨੇ ਹੁਣ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ 'ਆਪ' ਸਰਕਾਰ ਨੇ ਜਲਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।

ਉਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦਾ ਪ੍ਰਚਾਰ ਕਰਨ ਲਈ ਅਧਿਆਪਕ ਹਿਮਾਚਲ ਚੋਣਾਂ ਵਿੱਚ ਵੀ ਪੈਰ ਧਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ 'ਆਪ' ਦੇ ਸ਼ਿਮਲਾ ਸਥਿਤ ਦਫ਼ਤਰ ਦੇ ਬਾਹਰ ਵੀ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਏਗਾ।

ਇਹ ਪ੍ਰਦਰਸ਼ਨਕਾਰੀ ਪਿਛਲੀ ਸਰਕਾਰ ਵੱਲੋਂ 180 ਈਟੀਟੀ/ਟੀਈਟੀ ਪਾਸ ਅਧਿਆਪਕਾਂ ਦੀ ਤਨਖ਼ਾਹ ਅੱਧੀ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਅਧਿਆਪਕਾਂ ਦਾ ਦੋਸ਼ ਹੈ ਕਿ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਰਫ਼ ਨਾਮ ਦੀ ਆਮ ਆਦਮੀ ਪਾਰਟੀ ਹੈ, ਜਦ ਕਿ ਇਸ ਪਾਰਟੀ ਵੱਲੋਂ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਇਸ ਦੌਰਾਨ ਦਿੱਲੀ 'ਚ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨੇ 'ਤੇ ਬੈਠੇ ਪੰਜਾਬ ਦੇ ਅਧਿਆਪਕਾਂ ਅਤੇ ਦਿੱਲੀ ਪੁਲਿਸ ਵਿਚਾਲੇ ਤਿੱਖੀ ਬਹਿਸ ਹੋਈ ਸੀ। 16 ਜੁਲਾਈ ਨੂੰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ ਸੀ। ਭਗਦੜ ਦੌਰਾਨ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਸਨ। ਕੇਜਰੀਵਾਲ ਨੂੰ ਮਿਲਣ ਲਈ ਜ਼ੋਰ ਪਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ ਜ਼ਬਰਦਸਤੀ ਹਟਾ ਦਿੱਤਾ ਸੀ।

ਪ੍ਰਦਰਸ਼ਨਕਾਰੀਆਂ ਨੇ ਸੀਐਮ ਮਾਨ ’ਤੇ ਮੀਟਿੰਗ ਲਈ ਸਮਾਂ ਨਾ ਦੇਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਰਕਾਰ ਨੇ ਸਾਨੂੰ ਦੋ ਹਿੱਸਿਆਂ ਵਿੱਚ ਭਰਤੀ ਕੀਤਾ ਅਤੇ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਸਾਡੀ ਤਨਖਾਹ ਅੱਧੀ ਦਿੱਤੀ ਗਈ ਅਤੇ ਸਾਡੇ ਨਾਲ ਬਾਕੀ ਅਧਿਆਪਕਾਂ ਨੂੰ ਪੂਰੀ ਤਨਖਾਹ ਮਿਲ ਰਹੀ ਹੈ ਅਤੇ ਅਸੀਂ ਅੱਧੀ ਤਨਖਾਹ 'ਤੇ ਹਾਂ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਆਮ ਆਦਮੀ ਪਾਰਟੀ ਚੋਣ ਲੜਨ ਆਈ ਤਾਂ ਅੱਜ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਨੂੰ ਕਿਹਾ ਕਿ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ, ਅਸੀਂ ਇਸ ਬੇਇਨਸਾਫ਼ੀ ਨੂੰ ਦੂਰ ਕਰਾਂਗੇ ਪਰ ਅੱਜ ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ।

ਇਹ ਵੀ ਪੜ੍ਹੋ: ਰੈਡ ਕਰਾਸ 'ਤੇ ਵਸੂਲੇ ਜਾ ਰਹੇ ਸਨ ਜ਼ਿਆਦਾ ਪੈਸੇ, ਸਿਹਤ ਮੰਤਰੀ ਜੌੜਾਮਾਜਰਾ ਨੇ ਡੀਸੀ ਨੂੰ ਜਾਂਚ ਦੇ ਦਿੱਤੇ ਆਦੇਸ਼

-PTC News

Related Post