ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਕਰਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

By  Riya Bawa September 27th 2021 07:57 PM -- Updated: September 27th 2021 07:58 PM

ਮਾਨਸਾ: ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਨਿੱਤ ਦਿਨ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦੇ ਅੱਜ ਕਿਸਾਨ ਆਪਣੀ ਖ਼ਰਾਬ ਹੋ ਚੁੱਕੀ ਨਰਮੇ ਦੀ ਫਸਲ ਨੂੰ ਦੇਖ ਕੇ ਚਿੰਤਾ 'ਚ ਡੁੱਬੇ ਹੋਏ ਹਨ। ਇਕ ਅਜਿਹਾ ਹੀ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਨੇੜੇ ਸਾਹਮਣੇ ਆਇਆ ਜਿਥੇ ਨੌਜਵਾਨ ਕਿਸਾਨ ਵੱਲੋਂ ਆਪਣੇ ਨਰਮੇ ਦੀ ਖ਼ਰਾਬ ਹੋ ਚੁੱਕੀ ਫਸਲ ਨੂੰ ਦੇਖ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਕਿਸਾਨ ਦੀ ਪਛਾਣ ਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਕਿਸਾਨ ਦੇ ਪਿਤਾ ਨਾਹਰ ਸਿੰਘ ਨੇ ਦੱਸਿਆ ਕਿ ਉਸ ਕੋਲ ਦੋ ਕਨਾਲ ਜ਼ਮੀਨ ਹੈ ਜਦੋਂ 8 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਨਰਮੇ ਦੀ ਫਸਲ ਬੀਜੀ ਗਈ ਸੀ, ਰਜਿੰਦਰ ਨੇ ਫਸਲ ਖਰਾਬ ਹੋਣ ਕਾਰਨ ਮੌਤ ਨੂੰ ਗਲੇ ਲਗਾ ਲਿਆ।

ਉਸ ਨੇ ਦੱਸਿਆ ਕਿ ਉਸ 'ਤੇ 8 ਲੱਖ ਰੁਪਏ ਦਾ ਕਰਜ਼ਾ ਹੈ। ਇਸ ਦੇ ਨਾਲ ਹੀ ਪਿੰਡ ਖਿਆਲਾ ਕਲਾਂ ਦੇ ਪੰਚ ਜਗਸੀਰ ਸਿੰਘ ਅਤੇ ਸਰਦੂਲ ਸਿੰਘ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਘਟੀਆ ਬੀਜ ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ 174 ਦੀ ਕਾਰਵਾਈ ਕਰ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

-PTC News

Related Post