ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ 10 ਸਤੰਬਰ ਨੂੰ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ

By  Shanker Badra September 7th 2018 08:08 PM

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ 10 ਸਤੰਬਰ ਨੂੰ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ।ਇਸੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਕਾਨਦਾਰਾਂ ਤੱਕ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੱਦਾ-ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਦਿੱਤਾ ਗਿਆ।ਇਸ ਦੌਰਾਨ ਦੁਕਾਨਦਾਰਾਂ ਨੂੰ ਨਗਰ ਕੀਰਤਨ ਦੇ ਰਸਤੇ ਨੂੰ ਸਾਫ਼ ਸੁਥਰਾ ਰੱਖਣ ਲਈ ਵੀ ਪ੍ਰੇਰਣਾ ਕੀਤੀ ਗਈ।ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਡਾ. ਧਰਮਜੀਤ ਸਿੰਘ ਕਾਰਸੇਵਾ ਹੰਸਾਲੀ ਵਾਲੇ, ਸ਼੍ਰੋਮਣੀ ਕਮੇਟੀ ਸੱਕਤਰ ਮਨਜੀਤ ਸਿੰਘ ਬਾਠ,ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਸਿੱਖ ਰਵਾਇਤ ਅਨੁਸਾਰ ਗੁਰਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ 9 ਸਤੰਬਰ ਨੂੰ ਦੁਪਹਿਰ 2:00 ਵਜੇ ਤੋਂ ਰਾਤ 10:30 ਵਜੇ ਤੱਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾਣਗੇ, ਜਿਸ ਵਿਚ ਸਿੰਘ ਸਾਹਿਬਾਨ ਅਤੇ ਸਿੱਖ ਕੌਮ ਦੇ ਮਹਾਨ ਰਾਗੀ ਤੇ ਕਥਾਵਾਚਕ ਸੰਗਤਾਂ ਨਾਲ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ।ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਰਾਤ 7:30 ਵਜੇ ਤੋਂ 1:00 ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ।ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ 8:30 ਤੋਂ 12:00 ਵਜੇ ਤੱਕ ਸੁੰਦਰ ਜਲੌ ਸੱਜਣਗੇ ਅਤੇ ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ। -PTCNews

Related Post