ਗਿੱਪੀ ਗਰੇਵਾਲ ਦਾ ਦਾਅਵਾ 'ਸਿੱਧੂ ਨੂੰ ਪੰਜਾਬ 'ਚ ਮੈਂ ਲਾਂਚ ਕੀਤਾ'

By  Jasmeet Singh August 16th 2022 06:09 PM

ਚੰਡੀਗੜ੍ਹ, 16 ਅਗਸਤ: ਪੰਜਾਬ ਦੇ ਪ੍ਰਸਿੱਧ ਗਾਇਕ, ਅਭਿਨੇਤਾ ਅਤੇ ਫਿਲਮ ਨਿਰਮਾਤਾ ਗਿੱਪੀ ਗਰੇਵਾਲ ਨੇ ਇੱਕ ਵੈਬਸਾਈਟ ਨੂੰ ਇਹ ਦਾਅਵਾ ਕਰਦਿਆਂ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਨੇ ਹੀ ਪੰਜਾਬ ਵਿੱਚ ਲਾਂਚ ਕੀਤਾ ਸੀ। ਗਿੱਪੀ ਨੇ ਇਹ ਜਾਣਕਾਰੀ ਮਨੋਰੰਜਨ ਵੈਬਸਾਈਟ ਬਾਲੀਵੁੱਡ ਹੰਗਾਮਾ ਨਾਲ ਇੱਕ ਖ਼ਾਸ ਇੰਟਰਵਿਊ 'ਚ ਦਿੱਤੀ ਹੈ। 'ਹੰਬਲ ਮਿਊਜ਼ਿਕ' ਦੇ ਮਾਲਕ ਦਾ ਕਹਿਣਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ 'ਸੋ ਹਾਈ' ਗਾਣੇ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਇਸ ਵੱਡੇ ਆਰਟਿਸਟ ਦੇ ਗਾਣੇ ਨਾਲ ਹੀ ਉਨ੍ਹਾਂ ਆਪਣੀ ਮਿਊਜ਼ਿਕ ਕੰਪਨੀ ਦਾ ਆਗਾਜ਼ ਕੀਤਾ ਸੀ। ਗਿੱਪੀ ਗਰੇਵਾਲ ਸਿੱਧੂ ਮੂਸੇਵਾਲਾ ਨਾਲ ਇੱਕ ਖ਼ਾਸ ਰਿਸ਼ਤਾ ਸਾਂਝਾ ਕਰਦੇ ਸਨ, ਸਿੱਧੂ ਦੇ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕਰਨ ਵੇਲੇ ਵੀ ਉਹ ਆਪਣਾ ਪੂਰਾ ਪਰਿਵਾਰ ਲੈਕੇ ਗਏ ਸਨ ਅਤੇ ਮੂਸੇਵਾਲਾ ਦੇ ਮਾਤਾ ਪਿਤਾ ਨੇ ਵੀ ਗਿੱਪੀ ਦੇ ਤਿੰਨੋ ਪੁੱਤਰਾਂ ਨੂੰ ਮਿਲ ਦੁੱਖ ਦੇ ਪਲਾਂ ਵਿੱਚ ਥੋੜ੍ਹਾ ਸੁੱਖ ਦਾ ਸਾਹ ਲਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮੂਸਾ ਨਾਲ ਲੱਗਦੇ ਪਿੰਡ ਜਵਾਹਰਕੇ 'ਚ ਗੈਂਗਸਟਰਾਂ ਨੇ ਨਿਸ਼ਾਨ ਬਣਾ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ। ਬਾਲੀਵੁੱਡ ਹੰਗਾਮਾ ਨਾਲ ਗੱਲ ਕਰਦਿਆਂ ਗਿੱਪੀ ਨੇ ਕਿਹਾ, “ਮੈਂ ਸਿੱਧੂ ਨੂੰ ਪੰਜਾਬ ਵਿੱਚ ਲਾਂਚ ਕੀਤਾ। ਜਦੋਂ ਮੈਂ ਆਪਣੀ ਸੰਗੀਤ ਕੰਪਨੀ ਹੰਬਲ ਨੂੰ ਲਾਂਚ ਕਰਨਾ ਸੀ, ਅਸੀਂ ਇੱਕ ਵੱਡੇ ਕਲਾਕਾਰ ਨਾਲ ਇੱਕ ਗੀਤ ਰਿਕਾਰਡ ਕਰਨਾ ਚਾਹੁੰਦੇ ਸੀ। ਉਸ ਸਮੇਂ ਦੌਰਾਨ ਮੇਰੇ ਇੱਕ ਕਰੀਬੀ ਦੋਸਤ ਨੇ ਮੈਨੂੰ ਸਿੱਧੂ ਬਾਰੇ ਦੱਸਿਆ ਅਤੇ ਕਿਹਾ ਕਿ ਤੁਸੀਂ ਆਪਣੀ ਕੰਪਨੀ ਲਾਂਚ ਕਰਨ ਤੋਂ ਬਾਅਦ ਕਿਰਪਾ ਕਰਕੇ ਉਸ ਦਾ ਗੀਤ ਰਿਲੀਜ਼ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਮੈਂ ਗੀਤ ਸੁਣਿਆ ਮੈਨੂੰ ਇਹ ਗੀਤ ਅਵਿਸ਼ਵਾਸ਼ਯੋਗ ਲੱਗਿਆ ਅਤੇ ਮੈਂ ਕਿਹਾ ਕਿ ਇਹ ਇੱਕ ਅਜਿਹਾ ਗੀਤ ਹੈ ਜੋ ਜਦੋਂ ਵੀ ਰਿਲੀਜ਼ ਹੋਵੇਗਾ ਹਿੱਟ ਹੋ ਸਕਦਾ ਹੈ।" ਦੱਸਣਯੋਗ ਹੈ ਕਿ 'ਸੋ ਹਾਈ' ਗੀਤ ਸਿੱਧੂ ਮੂਸੇਵਾਲਾ ਲਈ ਇੱਕ ਪ੍ਰਸਿੱਧ ਚਾਰਟਬਸਟਰ ਸਾਬਤ ਹੋਇਆ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਗਰੇਵਾਲ ਨੇ ਸੰਗੀਤ ਨਿਰਮਾਤਾਵਾਂ ਨੂੰ ਮਰਹੂਮ ਗਾਇਕ ਦੇ ਅਧੂਰੇ ਜਾਂ ਮੁਕੰਮਲ ਗੀਤਾਂ ਨੂੰ ਉਸਦੇ ਪਿਤਾ ਬਲਕੌਰ ਸਿੱਧੂ ਨੂੰ ਸੌਂਪਣ ਦੀ ਗੁਜ਼ਾਰਿਸ਼ ਕੀਤੀ ਸੀ ਤਾਂ ਜੋ ਉਨ੍ਹਾਂ ਗੀਤਾਂ ਨੂੰ ਉਹ ਰਿਲੀਜ਼ ਕਰ ਸਕਣ। ਗਿੱਪੀ ਮੁਤਾਬਕ ਉਨ੍ਹਾਂ ਅਜਿਹਾ ਇਸ ਲਈ ਕਿਹਾ ਕਿਉਂਕਿ ਮੂਸੇਵਾਲਾ ਦੇ ਅਣ-ਰਿਲੀਜ਼ ਹੋਏ ਗੀਤ ਹੀ ਉਸਦੇ ਮਾਪਿਆਂ ਕੋਲ ਉਨ੍ਹਾਂ ਦੇ ਪੁੱਤਰ ਦੀ "ਇਕੋ-ਇਕ ਜਾਇਦਾਦ" ਸਨ। ਇਹ ਵੀ ਪੜ੍ਹੋ: ਵਿਆਹ ਦੇ 6 ਸਾਲ ਬਾਅਦ ਮਾਂ ਬਣੀ ਬਿਪਾਸ਼ਾ ਬਾਸੂ, ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਕੇ ਕੀਤਾ ਐਲਾਨ -PTC News

Related Post