ਸਰਕਾਰ ਨੇ ਵਿੱਤੀ ਸਾਲ 2022-23 ਦੌਰਾਨ ਨਵੇਂ ਡਿਗਰੀ ਕਾਲਜਾਂ ਲਈ 25.75 ਕਰੋੜ ਰੁਪਏ ਜਾਰੀ ਕਰਨ ਨੂੰ ਦਿੱਤੀ ਪ੍ਰਵਾਨਗੀ

By  Jasmeet Singh August 12th 2022 03:59 PM

ਚੰਡੀਗੜ੍ਹ, 12 ਅਗਸਤ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਵਿਭਾਗ ਦੇ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਭਰ ਵਿੱਚ ਸਥਾਪਿਤ ਕੀਤੇ ਜਾ ਰਹੇ ਨਵੇਂ ਡਿਗਰੀ ਕਾਲਜਾਂ ਲਈ 25.75 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਵਿੱਚ ਉਚੇਰੀ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ।

ਇਸ ਮੰਤਵ ਲਈ ਵਿੱਤ ਵਿਭਾਗ ਨੇ ਰਾਜ ਦੇ 10 ਡਿਗਰੀ ਕਾਲਜਾਂ ਨੂੰ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿੱਤ ਵਿਭਾਗ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਨੂੰ ਕੁੱਲ 30.23 ਰੁਪਏ ਵੀ ਜਾਰੀ ਕੀਤੇ ਹਨ। ਇਸ ਵਿੱਚ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਨੂੰ 22.5 ਕਰੋੜ ਰੁਪਏ, ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਲਈ 7.1 ਕਰੋੜ ਰੁਪਏ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਲਈ 6.2 ਕਰੋੜ ਰੁਪਏ ਸ਼ਾਮਲ ਹਨ।

ਨਵੇਂ ਡਿਗਰੀ ਕਾਲਜਾਂ ਲਈ ਜਾਰੀ ਕੀਤੇ ਜਾ ਰਹੇ ਫੰਡਾਂ ਦੇ ਵੇਰਵੇ ਸਾਂਝੇ ਕਰਦਿਆਂ ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਸਰਕਾਰੀ ਕਾਲਜ ਅਬੋਹਰ (ਫਾਜ਼ਿਲਕਾ) ਲਈ 4.56 ਕਰੋੜ ਰੁਪਏ, ਸਰਕਾਰੀ ਕਾਲਜ ਮਾਹੀਆਂ ਅਨੰਦਪੁਰ ਸਾਹਿਬ (ਰੋਪੜ) ਲਈ 4.26 ਕਰੋੜ ਰੁਪਏ, ਸਰਕਾਰੀ ਕਾਲਜ ਚੱਬੇਵਾਲ ਮੁਖਲਿਆਣਾ (ਹੁਸ਼ਿਆਰਪੁਰ) ਲਈ 3.80 ਕਰੋੜ ਰੁਪਏ, ਸਰਕਾਰੀ ਕਾਲਜ ਫ਼ਾਰ ਗਰਲਜ਼ (ਮਾਲੇਰਕੋਟਲਾ) ਲਈ 3.71 ਕਰੋੜ, ਸਰਕਾਰੀ ਕਾਲਜ ਸਿੱਧੂਪੁਰ (ਗੁਰਦਾਸਪੁਰ) ਲਈ 1.97 ਕਰੋੜ ਰੁਪਏ, ਸਰਕਾਰੀ ਕਾਲਜ ਹੁਸਨਰ (ਗਿਦੜਬਾਹਾ) ਲਈ 1.86 ਕਰੋੜ ਰੁਪਏ, ਸਰਕਾਰੀ ਕਾਲਜ ਜਾਡਲਾ (ਐਸ.ਬੀ.ਐਸ.ਨਗਰ) ਲਈ 1.10 ਕਰੋੜ ਰੁਪਏ, ਸਰਕਾਰੀ ਕਾਲਜ ਢੋਲਬਾਹਾ (ਹੁਸ਼ਿਆਰਪੁਰ) ਲਈ 65 ਲੱਖ, ਸਰਕਾਰੀ ਕਾਲਜ ਸ਼ਾਹਕੋਟ (ਜਲੰਧਰ) ਲਈ 98 ਲੱਖ ਰੁਪਏ ਅਤੇ ਸਰਕਾਰੀ ਕਾਲਜ ਦਾਨੇਵਾਲਾ (ਮਲੋਟ) ਲਈ 2.86 ਕਰੋੜ ਰੁਪਏ ਜਾਰੀ ਕੀਤੇ ਗਏ ਹਨ

ਮਿਆਰੀ ਸਿੱਖਿਆ ਨੂੰ ਮਾਨ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2022-23 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸਕੂਲ ਸਿੱਖਿਆ ਵਿਭਾਗ ਨੂੰ 205.13 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਿੱਖਿਆ ਖੇਤਰ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਚਨਬੱਧ ਹੈ।

-PTC News

Related Post