ਸਿੱਖਾਂ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਨਹੀਂ ਸੰਜੀਦਾ : ਸਿੰਘ ਸਾਹਿਬਾਨ

By  Riya Bawa April 21st 2022 07:54 PM -- Updated: April 21st 2022 07:57 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਅਤੇ 401ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸਿੱਖ ਮਸਲਿਆਂ ਦਾ ਤੁਰੰਤ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਸੰਜੀਦਾ ਹੋਣ ਦਾ ਸੁਨੇਹਾ ਦਿੱਤਾ ਗਿਆ। ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬਾਬਾ ਤੇਜਾ ਸਿੰਘ ਖੁਡਾ ਕੁਰਾਲਾ ਨਿਰਮਲੇ ਤੇ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਧਰਮ ਅਤੇ ਮਾਨਵਤਾ ਦੀ ਰਖਵਾਲੀ ਲਈ ਸੀ, ਪਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਗੁਰੂ ਸਾਹਿਬ ਦੇ ਵਰੋਸਾਏ ਸਿੱਖਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਲਟਕਦੇ ਸਿੱਖ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਸਮੇਤ ਹਰ ਇਕ ਦੀ ਧਾਰਮਿਕ ਆਜ਼ਾਦੀ ਨੌਵੇਂ ਪਾਤਸ਼ਾਹ ਦੀ ਸੋਚ ਅਨੁਸਾਰ ਕਾਇਮ ਰਹਿਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਨਾਲ ਧੱਕਾ ਹੁੰਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਦਿੱਲੀ ਦੀ ਸਰਕਾਰ ਸੰਜੀਦਾ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੰਤਵ ਹਰ ਇਕ ਨੂੰ ਆਪਣਾ ਇਸ਼ਟ ਪੂਜਣ ਦਾ ਅਧਿਕਾਰ ਦਿਵਾਉਣਾ ਸੀ, ਪਰੰਤੂ ਅੱਜ ਭਾਰਤ ਅੰਦਰ ਗੁਰੂ ਸਾਹਿਬ ਦੀ ਸੋਚ ਤੋਂ ਉਲਟ ਜਾ ਕੇ ਘਟਗਿਣਤੀਆਂ ਦੀਆਂ ਧਰਮ ਮਾਨਤਾਵਾਂ ਨੂੰ ਦਬਾਇਆ ਜਾ ਰਿਹਾ ਹੈ। ਸਿੱਖ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ 1947 ਦੀ ਦੇਸ਼ ਵੰਡ ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਅਤੇ ਇਸੇ ਕਰਕੇ ਹੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਦੇਸ਼ ਵੰਡ ਤੋਂ ਲੈ ਕੇ ਸਿੱਖਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ, ਤਾਂ ਜੋ ਵਿਸ਼ਵਾਸ ਬਹਾਲੀ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਲੁਕਵਾਂ ਪੱਖ ਨਹੀਂ ਹੈ ਕਿ ਅੱਜ ਸਿੱਖਾਂ ’ਤੇ ਹਮਲੇ ਹੋ ਰਹੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਗੁਰਬਾਣੀ ’ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਹੇ ਹਮਲਿਆਂ ਦਾ ਇਕਜੁਟ ਹੋ ਕੇ ਜਵਾਬ ਦੇਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਥਮਿੰਦਰ ਸਿੰਘ ਅਨੰਦ ਨਾਂ ਦੇ ਵਿਅਕਤੀ ਨੇ ਗੁਰਬਾਣੀ ਨੂੰ ਤੋੜ ਮਰੋੜ ਕੇ ਪ੍ਰਕਾਸ਼ਤ ਕੀਤਾ ਹੈ, ਜਿਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 3 ਮਈ ਨੂੰ ਪੰਥਕ ਇਕੱਠ ਬੁਲਾਇਆ ਗਿਆ ਹੈ। ਇਸ ਇਕੱਤਰਤਾ ਮੌਕੇ ਜੋ ਵੀ ਸਾਂਝੀ ਰਾਇ ਬਣੇਗੀ ਉਸ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਠੋਸ ਫੈਸਲਾ ਲਿਆ ਜਾਵੇਗਾ। ਉਨ੍ਹਾਂ ਵਿਦੇਸ਼ਾਂ ’ਚ ਵੱਸਦੇ ਸਿੱਖਾਂ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨਾਲ ਜੋੜੀ ਰੱਖਣ ਲਈ ਯਤਨ ਕਰਨ ਦੀ ਅਪੀਲ ਵੀ ਕੀਤੀ। ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਮੌਕੇ ਭਾਰਤ ਸਰਕਾਰ ਨੂੰ ਸਿੱਖ ਮਸਲਿਆਂ ਦੇ ਹੱਲ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕੇਂਦਰ ਸਰਕਾਰ ਵੱਲੋਂ ਵੀ ਦਿੱਲੀ ਦੇ ਲਾਲ ਕਿਲ੍ਹੇ ’ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਤਾਂ ਚੰਗਾ ਹੁੰਦਾ ਜੇਕਰ ਪ੍ਰਧਾਨ ਮੰਤਰੀ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਸਿੱਖ ਗੁਰਧਾਮਾਂ ਦਾ ਪ੍ਰਬੰਧ ਪੰਥ ਨੂੰ ਸੌਂਪਣ ਅਤੇ ਸਿੱਖਾਂ ’ਤੇ ਦੇਸ਼ ਅੰਦਰ ਹੁੰਦੇ ਨਸਲੀ ਹਮਲਿਆਂ ਸਬੰਧੀ ਕੋਈ ਠੋਸ ਕਦਮ ਉਠਾਉਣ ਦਾ ਐਲਾਨ ਕਰਦੇ। ਉਨ੍ਹਾਂ ਆਖਿਆ ਕਿ ਨੌਵੇਂ ਪਾਤਸ਼ਾਹ ਨੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਦਬਾਉਣ ਵਾਲਿਆਂ ਵਿਰੁੱਧ ਅਜ਼ਾਦ ਬੁਲੰਦ ਕੀਤੀ ਸੀ ਪਰ ਅੱਜ ਉਨ੍ਹਾਂ ਦੇ ਧਰਮ ਅਨੁਯਾਈਆਂ ਨੂੰ ਦੇਸ਼ ਅੰਦਰ ਧਰਮ ਦੀਆਂ ਮਾਨਵਾਤਾਂ ’ਤੇ ਪਹਿਰਾ ਦੇਣ ਤੋਂ ਰੋਕਿਆ ਜਾ ਰਿਹਾ ਹੈ। ਕਦੀ ਕਿਰਪਾਨ ਅਤੇ ਕਦੀ ਦਸਤਾਰ ਆਦਿ ਦੇ ਮਸਲੇ ਜਾਣਬੁਝ ਕੇ ਉਲਝਾਏ ਜਾ ਰਹੇ ਹਨ ਅਤੇ ਦੁੱਖ ਇਸ ਗੱਲ ਦਾ ਹੈ ਕਿ ਸਰਕਾਰਾਂ ਨੂੰ ਲਿਖਣ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਮਾਮਲਿਆਂ ’ਤੇ ਸੰਜੀਦਾ ਰੁਖ ਅਪਨਾਉਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਨਤਮਸਤਕ ਹੁੰਦਿਆਂ ਭਾਰਤੀ ਸੰਸਦ ਅੰਦਰ 1984 ’ਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲੇ, ਦਿੱਲੀ ਸਿੱਖ ਕਤਲੇਆਮ ਦੀ ਮੁਆਫ਼ੀ ਮੰਗਣ ਦੀ ਪਹਿਲ ਕਦਮੀ ਹੋਵੇ ਅਤੇ ਇਸ ਦੇ ਨਾਲ ਹੀ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਰੱਦ ਕਰਨ ਦਾ ਮਤਾ, ਕਾਲੀ ਸੂਚੀ ਖਤਮ ਕਰਨ ਅਤੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਧਾਰਾ 25-ਬੀ ਖਤਮ ਕਰਨ, ਗੁਰਧਾਮਾਂ ਦੇ ਲਟਕਦੇ ਮਸਲੇ ਅਤੇ ਸਿੱਖ ਸੰਸਥਾਵਾਂ ਨਾਲ ਜੁੜੇ ਸਰੋਕਾਰਾਂ ਨੂੰ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰ ਦੀ ਸਿੱਖਾਂ ਪ੍ਰਤੀ ਭਾਵਨਾ ਦੇ ਸ਼ੁਧੀਕਰਨ ਦਾ ਪਤਾ ਲੱਗ ਸਕੇਗਾ। ਸਮਾਗਮ ’ਚ ਪੁੱਜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ। (ਮਨਿੰਦਰ ਸਿੰਘ ਮੋਂਗਾ) -PTC News

Related Post