ਪੰਜਾਬ ਸਰਕਾਰ ਨੇ 4500 ਪੱਤਰਕਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲਿਆਂਦਾ

By  Jashan A August 18th 2019 07:12 PM

ਪੰਜਾਬ ਸਰਕਾਰ ਨੇ 4500 ਪੱਤਰਕਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲਿਆਂਦਾ,ਚੰਡੀਗੜ੍ਹ: ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸਾਰਿਆਂ ਨੂੰ ਸਿਹਤ ਬੀਮਾ ਦੇਣ ਲਈ ਲਾਂਚ ਕੀਤੀ ਮਹੱਤਵਪੂਰਨ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਵਿੱਚ ਪੱਤਰਕਾਰਾਂ ਨੂੰ ਵੀ ਕਵਰ ਕਰਨ ਦਾ ਫੈਸਲਾ ਕੀਤਾ ਹੈ।

ਇਸ ਸਕੀਮ ਅਧੀਨ ਲੱਗਭੱਗ 4500 ਪੱਤਰਕਾਰਾਂ ਨੂੰ ਫ਼ਾਇਦਾ ਮਿਲੇਗਾ। ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਨੂੰ ਸਿਹਤ ਬੀਮਾ ਦੇਣ ਲਈ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾ ਕੇ ਸੂਬਾ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਤਹਿਤ 42.5 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਹੈ ਜਿਹੜੀ ਕਿ ਪਹਿਲੀ ਜੁਲਾਈ 2019 ਤੋਂ ਅਮਲ ਵਿੱਚ ਲਿਆਂਦੀ ਗਈ ਹੈ।

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਐਕਰੀਡੇਟਿਡ ਕੀਤੇ ਅਤੇ ਪੀਲ਼ਾ ਕਾਰਡ ਧਾਰਕ ਪੱਤਰਕਾਰ ਇਸ ਸਕੀਮ ਦਾ ਫ਼ਾਇਦਾ ਲੈਣ ਲਈ ਯੋਗ ਹੋਣਗੇ।ਇਸ ਸਕੀਮ ਤਹਿਤ ਪ੍ਰੀਮੀਅਮ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਝੱਲੇਗੀ।

ਹੋਰ ਪੜ੍ਹੋ:ਇਸ ਸਕੀਮ ਦੇ ਤਹਿਤ ਹੁਣ 43 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਇਲਾਜ਼ ,ਪੰਜਾਬ ਸਰਕਾਰ ਨੇ ਲਿਆ ਫ਼ੈਸਲਾ

ਇਸ ਸਕੀਮ ਤਹਿਤ ਪੰਜਾਬ ਵਿੱਚ ਕਰੀਬ 400 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ।ਇਸ ਸਕੀਮ ਅਧੀਨ ਲਾਭਪਾਤਰੀਆਂ ਦਾ ਇਲਾਜ ਜਿਲਾ ਹਸਪਤਾਲਾਂ ਤੇ ਵੱਡੇ ਮਲਟੀ ਸਪੈਸ਼ਲਿਟੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ ਜਿੱਥੇ ਆਪ੍ਰੇਸ਼ਨ, ਸਰਜਰੀ ਆਦਿ ਦੀ ਸਹੂਲਤ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਹਸਪਤਾਲ, ਮੁੱਢਲੇ ਸਿਹਤ ਕੇਂਦਰ ਵੀ ਇਲਾਜ ਲਈ ਸੂਚੀ ਬੱਧ ਹਨ।

ਸੂਬਾ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਕਰਨ ਲਈ ਕੁਝ ਮਹੀਨੇ ਪਹਿਲਾ ਇਕ ਫੈਸਲਾ ਲੈ ਕੇ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਇਆ ਗਿਆ ਸੀ। 42.5 ਲੱਖ ਪਰਿਵਾਰਾਂ ਵਿੱਚੋਂ 14.86 ਲੱਖ ਪਰਿਵਾਰ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਹਨ ਜਿਨ੍ਹਾਂ ਦੇ ਪ੍ਰੀਮੀਅਮ ਦਾ ਖ਼ਰਚਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ 60:40 ਦੀ ਅਨੁਪਾਤ ਵਿੱਚ ਕੀਤਾ ਜਾਵੇਗਾ ਜਦੋਂਕਿ ਬਾਕੀ ਸਾਰੇ ਲਾਭਪਾਤਰੀਆਂ ਜਿਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਲ ਹਨ, ਦੇ ਪ੍ਰੀਮੀਅਮ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

-PTC News

Related Post