ਹਰਸਿਮਰਤ ਬਾਦਲ ਵੱਲੋਂ ਪੰਜਾਬ ਸਰਕਾਰ ਦੀ ਕੇਂਦਰੀ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਨਿਖੇਧੀ

By  Shanker Badra May 19th 2018 06:49 PM

ਹਰਸਿਮਰਤ ਬਾਦਲ ਵੱਲੋਂ ਪੰਜਾਬ ਸਰਕਾਰ ਦੀ ਕੇਂਦਰੀ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਨਿਖੇਧੀ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਗਰੀਬ ਪੱਖੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਨਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।ਉਹਨਾਂ ਕਿਹਾ ਕਿ ਇਹ ਗੱਲ ਵਾਰ ਵਾਰ ਸਾਬਿਤ ਹੋ ਚੁੱਕੀ ਹੈ ਕਿ ਲੋਕਾਂ ਦੀ ਭਲਾਈ ਕਾਂਗਰਸ ਸਰਕਾਰ ਦੇ ਏਜੰਡੇ ਉੱਤੇ ਹੀ ਨਹੀਂ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪੂਰੇ ਭਾਰਤ ਵਿਚ ਲਾਗੂ ਕੀਤੀ ਜਾ ਰਹੀ ਅਯੂਸ਼ਮਨ ਭਾਰਤ ਸਕੀਮ ਨੂੰ ਲਾਗੂ ਕਰਨ ਤੋਂ ਦਿੱਤੇ ਕੋਰੇ ਜੁਆਬ ਨਾਲ ਪੰਜਾਬ ਸਰਕਾਰ ਦੀ ਗਰੀਬ ਵਿਰੋਧੀ ਅਤੇ ਲੋਕ ਵਿਰੋਧੀ ਮਾਨਸਿਕਤਾ ਦਾ ਪਰਦਾਫਾਸ਼ ਹੋ ਗਿਆ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ 50 ਕਰੋੜ ਲੋਕਾਂ ਵਾਸਤੇ 5 ਲੱਖ ਪ੍ਰਤੀ ਪਰਿਵਾਰ ਦੀ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ ਹੈ ਪਰ ਅਜੀਬ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਦੀ ਥਾਂ ਸਿਰਫ 50 ਹਜ਼ਾਰ ਰੁਪਏ ਮੈਡੀਕਲ ਕਵਰ ਵਾਲੀ ਸਕੀਮ ਨੂੰ ਲਾਗੂ ਕਰ ਰਹੀ ਹੈ। ਅਯੂਸ਼ਮਨ ਭਾਰਤ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਕੇਂਦਰੀ ਸਿਹਤ ਮੰਤਰਾਲੇ ਨੇ ਹਰ ਸਾਲ 50 ਕਰੋੜ ਲਾਭਪਾਤਰੀਆਂ ਨੂੰ 5 ਲੱਖ ਰੁਪਏ ਪ੍ਰਤੀ ਪਰਿਵਾਰ ਸਿਹਤ ਬੀਮਾ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਹੈ।ਉਹਨਾਂ ਕਿਹਾ ਕਿ ਇਸ ਸਕੀਮ ਦਾ ਵਿੱਤੀ ਬੋਝ ਕੇਂਦਰ ਅਤੇ ਰਾਜਾਂ ਵੱਲੋਂ ਕ੍ਰਮਵਾਰ 60:40 ਦੇ ਅਨੁਪਾਤ ਨਾਲ ਉਠਾਇਆ ਜਾਣਾ ਹੈ।ਉਹਨਾਂ ਕਿਹਾ ਕਿ ਪਰ ਪੰਜਾਬ ਸਰਕਾਰ ਇਹ ਕਹਿੰਦਿਆਂ ਇਸ ਸਕੀਮ ਨੂੰ ਲਾਗੂ ਕਰਨ ਤੋਂ ਭੱਜ ਗਈ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ ਉੱਤੇ ਵਾਧੂ ਬੋਝ ਪਵੇਗਾ।ਉਹਨਾਂ ਕਿਹਾ ਕਿ ਜਦੋਂ ਵੀ ਸਰਕਾਰ ਨੂੰ ਲੋਕਾਂ ਦੀ ਭਲਾਈ ਵਾਸਤੇ ਕਿਹਾ ਜਾਂਦਾ ਹੈ ਤਾਂ ਇਹ ਖਾਲੀ ਖਜ਼ਾਨੇ ਦਾ ਰੋਣਾ ਲੈ ਕੇ ਬਹਿ ਜਾਂਦੀ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਕੋਲ ਮੰਤਰੀਆਂ ਦੇ ਬੰਗਲਿਆਂ ਦੀ ਸਜਾਵਟ ਅਤੇ ਉਹਨਾਂ ਲਈ ਮਹਿੰਗੀਆਂ ਗੱਡੀਆਂ ਵਾਸਤੇ ਅਕਸਰ ਪੈਸੇ ਹੁੰਦੇ ਹਨ ਪਰ ਗਰੀਬਾਂ ਵਾਸਤੇ ਸਿਹਤ ਬੀਮਾ ਸਕੀਮ ਲਈ ਇਸ ਕੋਲ ਪੈਸੇ ਨਹੀਂ ਹਨ।ਉਹਨਾਂ ਕਿਹਾ ਕਿ ਤੁਸੀਂ ਜਦੋਂ ਸਰਕਾਰ ਅੱਗੇ ਸੂਬੇ ਜਾਂ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਕੋਈ ਪ੍ਰਸਤਾਵ ਰੱਖਦੇ ਹੋ ਤਾਂ ਕਾਂਗਰਸ ਦਾ ਵਿੱਤੀ ਮੰਤਰੀ ਫੰਡਾਂ ਦੀ ਘਾਟ ਦੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਪਰੰਤੂ ਜਦੋਂ ਮੰਤਰੀਆਂ ਲਈ ਪੈਸੇ ਕੱਢਣੇ ਹੁੰਦੇ ਹਨ ਤਾਂ ਇਹ ਬਹਾਨੇ ਗਾਇਬ ਹੋ ਜਾਂਦੇ ਹਨ। ਪੰਜਾਬ ਸਰਕਾਰ ਦੇ ਸੂਬੇ ਅਤੇ ਇਸ ਦੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਲਾਪਰਵਾਹੀ ਵਾਲੇ ਵਤੀਰੇ ਦੀ ਨਿੰਦਾ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਸ਼ੈਅ ਨਜ਼ਰ ਨਹੀਂ ਆਉਂਦੀ।ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਕਰਨ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਨੌਜਵਾਨਾਂ ਨੂੰ ਵਾਅਦੇ ਮੁਤਾਬਿਕ ਨੌਕਰੀਆਂ ਨਾਲ ਮਿਲਣ ਕਰਕੇ ਉਹ ਠੱਗੇ ਮਹਿਸੂਸ ਕਰਦੇ ਹਨ।ਇੱਥੋਂ ਤਕ ਕਿ ਦਲਿਤਾਂ ਅਤੇ ਗਰੀਬਾਂ ਨੂੰ ਦਿੱਤੇ ਜਾਂਦੇ ਸਮਾਜ ਭਲਾਈ ਸਕੀਮਾਂ ਦੇ ਲਾਭ ਵੀ ਰੋਕ ਦਿੱਤੇ ਗਏ ਹਨ।ਹੁਣ ਲੋਕਾਂ ਨੂੰ ਸਭ ਤੋਂ ਵੱਧ ਲੋੜੀਂਦੀ ਮੈਡੀਕਲ ਸਿਹਤ ਬੀਮਾ ਸਕੀਮ ਤੋਂ ਵਾਂਝਾ ਕੀਤਾ ਜਾ ਰਿਹਾ ਹੈ। -PTCNews

Related Post