ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛੇ 8 ਸਵਾਲ

By  Riya Bawa August 31st 2021 11:38 AM

ਚੰਡੀਗੜ੍ਹ : ਹਰਿਆਣਾ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਸ਼ਬਦੀ ਹਮਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨੂੰ ਅੱਠ ਸਵਾਲ ਪੁੱਛੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਨਾਲੋਂ ਵੱਧ ਹਰਿਆਣਾ ਵੱਲੋਂ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਹਨ।

ਸਵਾਲਾਂ ਦੇ ਅਧਾਰ ਤੇ, ਮੁੱਖ ਮੰਤਰੀ ਮਨੋਹਰ ਲਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ - ਕਿਸਾਨ ਵਿਰੋਧੀ ਕੌਣ ਹੈ? ਪੰਜਾਬ ਜਾਂ ਹਰਿਆਣਾ ਸਰਕਾਰ? ਦੱਸ ਦੇਈਏ ਕਿ ਬੀਤੇ ਦਿਨੀ ਐਤਵਾਰ ਨੂੰ ਕਰਨਾਲ ਵਿੱਚ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਪੁੱਛੇ ਇਹ ਸਵਾਲ

ਸਵਾਲ 1- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕੀਤਾ, 'ਕੈਪਟਨ ਅਮਰਿੰਦਰ ਜੀ, ਹਰਿਆਣਾ ਘੱਟੋ -ਘੱਟ ਸਮਰਥਨ ਮੁੱਲ' ਤੇ 10 ਫਸਲਾਂ ਖਰੀਦਦਾ ਹੈ, ਜਿਸ ਵਿੱਚ ਝੋਨਾ, ਕਣਕ, ਸਰ੍ਹੋਂ, ਬਾਜਰਾ, ਚਨਾ, ਮੂੰਗੀ, ਮੱਕੀ, ਮੂੰਗਫਲੀ, ਸੂਰਜਮੁਖੀ, ਕਪਾਹ ਅਤੇ ਘੱਟੋ -ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਸਿੱਧਾ ਭੁਗਤਾਨ ਕਰਦਾ ਹੈ। MSP 'ਤੇ ਪੰਜਾਬ ਕਿਸਾਨ ਤੋਂ ਕਿੰਨੀ ਫਸਲ ਖਰੀਦਦਾ ਹੈ?

ਸਵਾਲ 2- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ- ਹਰਿਆਣਾ ਝੋਨੇ ਦੀ ਕਾਸ਼ਤ ਤੋਂ ਦੂਰ ਜਾਣ ਦੇ ਇੱਛੁਕ ਹਰ ਕਿਸਾਨ ਨੂੰ 7000 ਰੁਪਏ ਪ੍ਰਤੀ ਏਕੜ ਦਾ ਪ੍ਰੋਤਸਾਹਨ ਦੇਵੇਗਾ। ਪੰਜਾਬ ਕਿਸਾਨ ਨੂੰ ਅਜਿਹੀ ਪ੍ਰੋਤਸਾਹਨ ਦਿੰਦਾ ਹੈ? '

ਸਵਾਲ 3- 'ਜੇ ਆਈ-ਫਾਰਮ ਦੀ ਪ੍ਰਵਾਨਗੀ ਤੋਂ ਭੁਗਤਾਨ ਵਿੱਚ 72 ਘੰਟਿਆਂ ਤੋਂ ਵੱਧ ਦੇਰੀ ਹੁੰਦੀ ਹੈ ਤਾਂ ਹਰਿਆਣਾ ਕਿਸਾਨ ਨੂੰ 12 ਫੀਸਦੀ ਦੀ ਦਰ ਨਾਲ ਵਿਆਜ ਅਦਾ ਕਰਦਾ ਹੈ। ਕੀ ਪੰਜਾਬ ਲੇਟ ਪੇਮੈਂਟ 'ਤੇ ਵਿਆਜ ਅਦਾ ਕਰਦਾ ਹੈ?'

ਸਵਾਲ 4/5 - "ਹਰਿਆਣਾ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ ਨੂੰ 5000 ਰੁਪਏ ਪ੍ਰਤੀ ਏਕੜ ਦਾ ਪ੍ਰੋਤਸਾਹਨ ਅਦਾ ਕਰਦਾ ਹੈ। ਪਰਾਲੀ ਦੇ ਪ੍ਰਬੰਧਨ ਲਈ ਹਰੇਕ ਕਿਸਾਨ ਨੂੰ 1000 ਪ੍ਰਤੀ ਏਕੜ ਅਤੇ ਝੋਨੇ ਦੀ ਚੁੰਗੀ ਦੀ ਵਿਕਰੀ ਲਈ ਸੰਬੰਧ ਪ੍ਰਦਾਨ ਕਰਦਾ ਹੈ। ਪੰਜਾਬ ਕਿਸਾਨ ਨੂੰ ਕਿਹੜੀ ਪ੍ਰੋਤਸਾਹਨ ਦਿੰਦਾ ਹੈ? '

ਸਵਾਲ 6- ਹਰਿਆਣਾ ਸਰਕਾਰ ਵੱਲੋਂ ਬਾਗਬਾਨੀ ਨਾਲ ਸਬੰਧਿਤ ਕਿਸਾਨਾਂ ਲਈ ਭਵੰਤਰ ਭਰਪਾਈ ਯੋਜਨਾ ਦੀ ਸ਼ੁਰੁਆਤ ਕੀਤੀ ਗਈ ਹੈ ਤਾਂ ਕਿ ਕਿਸਾਨਾਂ ਨੂੰ ਸਹੀ ਮੁੱਲ ਮਿਲ ਸਕੇ। ਪੰਜਾਬ ਸਰਕਾਰ ਆਪਣੇ ਬਾਗਬਾਨੀ ਨਾਲ ਸਬੰਧਤ ਕਿਸਾਨਾਂ ਲਈ ਕੀ ਕਰ ਰਹੀ ਹੈ?

ਸਵਾਲ 7- ਹਰਿਆਣਾ ਪਿਛਲੇ 7 ਸਾਲਾਂ ਤੋਂ ਆਪਣੇ ਕਿਸਾਨਾਂ ਨੂੰ ਗੰਨੇ ਦੇ ਲਈ ਦੇਸ਼ ਦਾ ਸਭ ਤੋਂ ਵੱਧ ਸਮਰਥਨ ਮੁੱਲ ਅਦਾ ਕਰ ਰਿਹਾ ਹੈ। ਕਿਸਾਨ ਅੰਦੋਲਨ ਤੋਂ ਬਾਅਦ ਹੀ ਪੰਜਾਬ ਨੇ ਹਰਿਆਣਾ ਨਾਲ ਮੇਲ ਕਰਨ ਦੀ ਲੋੜ ਕਿਉਂ ਮਹਿਸੂਸ ਕੀਤੀ?

ਸਵਾਲ 8- ਹਰਿਆਣਾ ਸਰਕਾਰ ਨੇ ਪਾਣੀ ਦੀ ਬਚਤ ਲਈ ਮਾਈਕਰੋ ਇਰੀਗੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਕਿਸਾਨਾਂ ਨੂੰ 85 ਫ਼ੀਸਦ ਸਬਸਿਡੀ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਇਸ ਬਾਰੇ ਕੀ ਕਰਦੀ ਹੈ ਅਤੇ ਕੀ ਪੰਜਾਬ ਸਰਕਾਰ ਨੂੰ ਤੇਜ਼ੀ ਨਾਲ ਥੱਲੇ ਜਾ ਰਹੇ ਪਾਣੀ ਦੇ ਪੱਧਰ ਦੀ ਚਿੰਤਾ ਵੀ ਹੈ?

ਆਖ਼ਿਰ ਵਿੱਚ ਮਨੋਹਰ ਲਾਲ ਖੱਟਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਕਿਸਾਨ ਵਿਰੋਧੀ ਕੌਣ ਹੈ ਪੰਜਾਬ ਜਾਂ ਹਰਿਆਣਾ?

-PTC News

Related Post