ਪੰਜਾਬ 'ਚ ਭਾਰੀ ਮੀਂਹ ਮਗਰੋਂ ਮੌਸਮ ਹੋਇਆ ਸਾਫ਼ , ਮੁੜ ਲੀਹ 'ਤੇ ਆਉਣ ਲੱਗਾ ਜਨ-ਜੀਵਨ

By  Shanker Badra September 25th 2018 05:34 PM -- Updated: September 25th 2018 05:38 PM

ਪੰਜਾਬ 'ਚ ਭਾਰੀ ਮੀਂਹ ਮਗਰੋਂ ਮੌਸਮ ਹੋਇਆ ਸਾਫ਼ , ਮੁੜ ਲੀਹ 'ਤੇ ਆਉਣ ਲੱਗਾ ਜਨ-ਜੀਵਨ:ਪੰਜਾਬ ਅੰਦਰ ਲਗਾਤਾਰ ਤਿੰਨ ਦਿਨ ਭਾਰੀ ਮੀਂਹ ਪੈਣ ਤੋਂ ਬਾਅਦ ਅੱਜ ਮੌਸਮ ਸਾਫ ਹੋ ਗਿਆ ਹੈ।ਪੰਜਾਬ ਅਤੇ ਹਰਿਆਣਾ 'ਚ ਪਏ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਅਤੇ ਦੋਹਾਂ ਸੂਬਿਆਂ ਦੇ ਕਈ ਇਲਾਕਿਆਂ 'ਚ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ।ਇਸ ਦੇ ਨਾਲ ਹੀ ਮੀਂਹ ਕਾਰਨ ਪੰਜਾਬ ਵਿੱਚ ਸੜਕਾਂ ਧੱਸਣ, ਮਕਾਨ ਡਿੱਗਣ ਤੋਂ ਇਲਾਵਾ ਕਈ ਹੋਰ ਘਟਨਾਵਾਂ ਵਾਪਰੀਆਂ ਹਨ।ਇਸ ਤੋਂ ਇਲਾਵਾ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ 'ਚ ਸੋਮਵਾਰ 11 ਲੋਕ ਮਾਰੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇੱਕ ਹੰਗਾਮੀ ਮੀਟਿੰਗ ਬੁਲਾਈ ਸੀ।ਇਸ ਤੋਂ ਬਾਅਦ ਮੰਗਲਵਾਰ ਨੂੰ ਸਾਰੇ ਵਿੱਦਿਅਕ ਅਦਾਰੇ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ।ਪੰਜਾਬ ਅਤੇ ਹਰਿਆਣਾ 'ਚ ਲਗਾਤਾਰ ਤਿੰਨ ਦਿਨ ਪਏ ਮੀਂਹ ਨਾਲ ਆਮ ਜਨ-ਜੀਵਨ ਵੀ ਪਟੜੀ ਤੋਂ ਲਹਿ ਗਿਆ ਸੀ ਅਤੇ ਮੀਂਹ ਰੁਕਣ ਤੋਂ ਬਾਅਦ ਹੁਣ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਤੇਜ਼ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾ ਦਿੱਤੀ ਹੈ।ਜਿਸ ਨਾਲ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਰਿਪੋਰਟਾਂ ਮੁਤਾਬਕ ਕਾਂਗੜਾ ਪੌਂਗ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੋਂ ਉੱਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ 'ਚ ਮੌਸਮ ਸਾਫ਼ ਬਣਿਆ ਹੋਇਆ ਹੈ।ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੋਹਾਂ ਸੂਬਿਆਂ 'ਚ ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਸਾਫ਼ ਬਣੇ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਹੈ। -PTCNews

Related Post