ਪੰਜਾਬ ਦੇ ਇਸ ਖ਼ੇਤਰ 'ਚ ਨਸ਼ੇ ਦੀ ਭੇਂਟ ਚੜ੍ਹਿਆ 24 ਸਾਲਾ ਨੌਜਵਾਨ, ਪਟੜੀਆਂ ਨੇੜੇ ਮਿਲੀ ਲਾਸ਼

By  Jasmeet Singh June 3rd 2022 07:56 PM -- Updated: June 3rd 2022 08:04 PM

ਰਾਮਪੁਰ ਫੂਲ (ਬਠਿੰਡਾ), 3 ਜੂਨ: ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮ 'ਉੱਡਤਾ ਪੰਜਾਬ' ਜਿਸਨੇ ਭਾਰਤੀ ਸਿਨਮਾ ਜਗਤ 'ਚ ਖ਼ੂਬ ਵਾਹੋ ਵਾਹੀ ਖੱਟੀ ਤੇ ਜਿਸ ਦੇ ਰਿਲੀਜ਼ ਤੋਂ ਬਾਅਦ ਪੰਜਾਬ ਭਰ 'ਚ ਕਈ ਫੋਕੇ ਸ਼ੁੱਭਚਿੰਤਕਾਂ ਨੇ ਇਸ ਨੂੰ ਝੂਠਾ ਕਰਾਰਦਿਆਂ ਫ਼ਿਲਮ ਦੀ ਤੇ ਫ਼ਿਲਮ ਦਾ ਭਾਗ ਬਣਨ ਵਾਲੇ ਅਭਿਨੇਤਾਵਾਂ ਦੀ ਨਿੰਦਿਆ ਕੀਤੀ, ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਹਾਲਤਾਂ ਨੂੰ ਜਾਣ ਬੁੱਝ ਕੇ ਵਧਾ ਚੜ੍ਹਾ ਕੇ ਪ੍ਰਦਰਸ਼ਿਤ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਫ਼ਿਲਹਾਲ ਨਹੀਂ ਸ਼ੁਰੂ ਹੋਣਗੀਆਂ ਉਡਾਣਾਂ, ਅਸਲ ਕਾਰਨ ਜਾਣੋ

ਪਰ ਸੱਚ ਇਹ ਹੈ ਕਿ ਹਾਲਤ ਅੱਜ ਵੀ ਜਿਉਂ ਦੇ ਤਿਉਂ ਨੇ ਜਿਵੇਂ ਫ਼ਿਲਮ 'ਚ ਵਿਖਾਇਆ ਗਿਆ ਸੀ। ਅੱਜ ਫਿਰ ਬਠਿੰਡਾ ਜ਼ਿਲ੍ਹਾ ਦਾ ਇੱਕ ਨੌਜਵਾਨ ਗੱਭਰੂ ਨਸ਼ੇ ਦੀ ਭੇਂਟ ਚੜ੍ਹ ਗਿਆ। ਅੱਜ ਸੂਬੇ 'ਚ ਨੌਜਵਾਨ ਨਸ਼ੇ ਦੀ ਓਵਰਡੋਜ਼ ਦੀ ਭੇਂਟ ਇੰਜ ਚੜ੍ਹਦੇ ਜਾ ਰਹੇ ਨੇ ਜਿਵੇਂ ਮੁਰਗ਼ੀ ਫਾਰਮ 'ਚ ਹਲਾਲ ਹੋਣ ਵਾਲੀਆਂ ਮੁਰਗ਼ੀਆਂ।

ਪਰ ਇਸ ਸਚਾਈ 'ਤੇ ਮੌਜੂਦਾ ਸਰਕਾਰ ਵੀ ਓਵੇਂ ਹੀ ਸੁਸਤ ਹੈ ਜਿਵੇਂ ਪਿਛਲੀਆਂ ਸਰਕਾਰਾਂ ਤੇ ਪੰਜਾਬ ਪੁਲਿਸ ਤਾਂ ਨਸ਼ਿਆਂ 'ਤੇ ਠੱਲ੍ਹ ਪਾਉਣ 'ਚ ਰਾਮ ਭਰੋਸੇ ਹੈ, ਕਿਉਂਕਿ ਉਨ੍ਹਾਂ ਦੇ ਆਪਦੇ ਟ੍ਰੇਨਿੰਗ ਸੈਂਟਰਾਂ 'ਚ ਜਿਵੇਂ ਨਸ਼ੇ ਦੇ ਕਾਰੋਬਾਰਾਂ ਦੇ ਪਰਦੇ ਫਾਸ਼ ਹੋਏ ਨੇ ਪੁਲਿਸ ਆਪ ਬੇਬਸ ਨਜ਼ਰ ਆਉਂਦੀ ਹੈ।

ਹਾਲਹੀ ਵਿਚ ਪੁਲਿਸ ਦੀ ਬੇਬਸੀ ਦਾ ਸ਼ਿਕਾਰ ਹੋਏ ਇੱਕ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਨਸ਼ਾ ਵੇਚਣ ਵਾਲਿਆਂ ਦੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ, ਕਾਨੂੰਨੀ ਕਾਰਵਾਈ ਤਾਂ ਹੋ ਨਾ ਸਕੀ ਪਰ ਮੁੰਡਾ ਜ਼ਰੂਰ ਹੱਥੋਂ ਜਾਨ ਗੁਆ ਬੈਠਾ।

ਹੁਣ ਪਿਤਾ ਦੀ ਸ਼ਿਕਾਇਤ 'ਤੇ 3 ਲੋਕਾਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਲੱਖਾਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਹਵਾ ਅੱਜ ਰਾਮਪੁਰਾ ਫੂਲ 'ਚ ਉਸ ਸਮੇਂ ਨਿਕਲ ਗਈ ਜਦੋਂ ਰੇਲਵੇ ਲਾਈਨ ਨੇੜੇ 24 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਨਸ਼ੇ ਦੀ ਓਵਰਡੋਜ਼ ਆਖ਼ਿਰਕਾਰ ਉਸ ਨੌਜਵਾਨ ਦੀ ਜਾਨ ਲੈ ਕੇ ਹਟੀ।

ਰਾਮਪੁਰਾ ਦੇ ਰਹਿਣ ਵਾਲੇ ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਸ਼ਹਿਰ ਦੇ ਹੀ ਦੋ ਨੌਜਵਾਨਾਂ ਨੇ ਚਿੱਟੇ ਦਾ ਆਦੀ ਕੀਤਾ ਹੋਇਆ ਸੀ, ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਉਸ ਦੇ ਲੜਕੇ ਨੂੰ ਚਿੱਟੇ ਦੇ ਟੀਕੇ ਲਗਵਾ ਦਿੰਦੇ ਸਨ, ਕਈ ਵਾਰ ਨਸ਼ਾ ਵੇਚਣ ਵਾਲੀ ਔਰਤ ਅਤੇ ਦੋਵੇਂ ਲੜਕੇ ਮਿਲ ਕੇ ਉਸ ਦੇ ਮੁੰਡੇ ਨੂੰ ਨਸ਼ਾ ਲਾਉਂਦੇ।

ਆਪਣੇ ਪੁੱਤਰ ਨੂੰ ਨਸ਼ੇ ਦੀ ਦਲਦਲ 'ਚ ਡੁੱਬਣ ਤੋਂ ਰੋਕਣ ਲਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਉਹ ਵੀ ਕਿਸ ਕੰਮ ਸੀ। ਬੀਤੀ ਰਾਤ ਜਦੋਂ ਮੁੰਡੇ ਦੇ 2 ਦੋਸਤਾਂ ਨੇ ਨਸ਼ਾ ਲਗਾਇਆ ਤਾਂ ਮੁੰਡੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਪਿਤਾ ਨੇ 3 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਨੇ ਫਿਰ ਤੋਂ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ‘ਆਪ’ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ 

ਪਰ ਸਵਾਲ ਇਹ ਹੈ ਕਿ ਜਦੋਂ ਪੰਜਾਬ ਪੁਲਿਸ ਬੇਬਸ ਪਿਤਾ ਨੂੰ ਪਹਿਲਾਂ ਇਨਸਾਫ਼ ਨਹੀਂ ਦਿਲਵਾ ਪਾਈ ਤਾਂ ਹੁਣ ਉਹ ਮਜਬੂਰ ਪਿਤਾ ਪੁਲਿਸ 'ਤੇ ਕਿਵੇਂ ਭਰੋਸਾ ਕਰੇ।

-PTC News

Related Post