ਬਠਿੰਡਾ ਜ਼ਿਲ੍ਹੇ ਤੋਂ ਸਮਾਰਟ ਮੀਟਰ ਲਗਾਉਣ ਦੀ ਹੋਵੇਗੀ ਸ਼ੁਰੂਆਤ, ਪੱਤਰ ਜਾਰੀ

By  Ravinder Singh September 4th 2022 03:13 PM

ਬਠਿੰਡਾ : ਪੰਜਾਬ ਸਰਕਾਰ ਵੱਲੋਂ ਬਿਜਲੀ ਚੋਰਾਂ ਉਤੇ ਸ਼ਿਕੰਜਾ ਕੱਸਣ ਲਈ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਸਮਾਰਟ ਮੀਟਰ ਲਗਾਉਣ ਦੀ ਸ਼ੁਰੂਆਤ ਸਰਕਾਰੀ ਦਫਤਰਾਂ ਤੇ ਮੁਲਾਜ਼ਮਾਂ ਦੇ ਘਰਾਂ ਤੋਂ ਹੋ ਰਹੀ ਹੈ। ਬਠਿੰਡਾ ਜ਼ਿਲ੍ਹੇ 'ਚ 15 ਸਤੰਬਰ ਤੱਕ ਘਰਾਂ 'ਚ ਸਮਾਰਟ ਮੀਟਰ ਲਗਾਉਣ ਦੀ ਹਦਾਇਤ ਜਾਰੀ ਹੋਈ ਹੈ। ਪਾਵਰਕਾਮ ਮੰਡਲ ਬਠਿੰਡਾ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਦਸਤਖ਼ਤਾਂ ਹੇਠ ਇਕ ਪੱਤਰ ਜਾਰੀ ਹੋਇਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ 30 ਅਗਸਤ 2022 'ਚ ਹੋਈ ਬੈਠਕ ਤਹਿਤ ਬਠਿੰਡਾ ਅਧੀਨ ਪੈਂਦੇ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨ ਦਫ਼ਤਰਾਂ, ਸਰਕਾਰੀ ਕੁਆਰਟਰਾਂ ਤੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ 'ਚ ਸਮਾਰਟ ਮੀਟਰ ਪਹਿਲ ਦੇ ਆਧਾਰ ਉਪਰ ਲਾਏ ਜਾਣ ਦੇ ਹੁਕਮ ਜਾਰੀ ਹੋਏ ਹਨ। ਇਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ 15 ਸਤੰਬਰ ਤਕ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਰਿਹਾਇਸ਼ਾਂ 'ਚ ਸਮਾਰਟ ਮੀਟਰ ਲਗਾ ਕੇ ਪਾਵਰਕਾਮ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।

ਬਠਿੰਡਾ ਜ਼ਿਲ੍ਹੇ ਤੋਂ ਸਮਾਰਟ ਮੀਟਰ ਲਗਾਉਣ ਦੀ ਹੋਵੇਗੀ ਸ਼ੁਰੂਆਤ, ਪੱਤਰ ਜਾਰੀ

ਕਾਬਿਲੇਗੌਰ ਹੈ ਕਿ ਸੂਬਾ ਸਰਕਾਰ ਦੀ ਕਾਫ਼ੀ ਸਮੇਂ ਤੋਂ ਘਰਾਂ ਵਿਚ ਸਮਾਰਟ ਮੀਟਰ ਲਗਾਉਣ ਦੀ ਵਿਉਂਤਬੰਦੀ ਸੀ ਪਰ ਲੋਕਾਂ ਦੇ ਰੋਸ ਨੂੰ ਦੇਖਦਿਆਂ ਪਾਵਰਕਾਮ ਅਜਿਹਾ ਨਹੀਂ ਕਰ ਸਕਿਆ। ਦੂਜੇ ਪਾਸੇ ਰਿਹਾਇਸ਼ਾਂ ਵਿਚ ਸਮਾਰਟ ਮੀਟਰ ਲਗਾਉਣ ਦਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ, ਜਿਸ ਕਾਰਨ ਹੁਣ ਪਾਵਰਕਾਮ ਨੇ ਸਮਾਰਟ ਮੀਟਰ ਪਿੰਡਾਂ ਦੀ ਬਜਾਏ ਸ਼ਹਿਰਾਂ 'ਚ ਲਾਉਣ ਦੀ ਵਿਉਂਤ ਬਣਾਈ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ 'ਚ 2 ਟੋਲ ਪਲਾਜ਼ੇ ਕਰਵਾਏ ਬੰਦ

ਪਾਵਰਕਾਮ ਦਾ ਦਾਅਵਾ ਹੈ ਕਿ ਜੇ ਕੋਈ ਵੀ ਵਿਅਕਤੀ ਸਮਾਰਟ ਮੀਟਰਾਂ ਨਾਲ ਛੇੜਛਾੜ ਕਰੇਗਾ ਤਾਂ ਮੀਟਰ ਵੱਲੋਂ ਇਕ ਮੈਸੇਜ ਡਾਟਾ ਸੈਂਟਰ ਵਿਚ ਜਾਵੇਗਾ। ਇਸ ਮਗਰੋਂ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਬਿਜਲੀ ਚੋਰੀ ਦੀ ਹਰਕਤ ਤੁਰੰਤ ਫੜ ਲਈ ਜਾਵੇਗੀ। ਸਮਾਰਟ ਮੀਟਰ ਵਿਚ ਇਕ ਕਾਰਡ ਪਾਇਆ ਜਾਵੇਗਾ ਹੈ ਜਿਸ ਜ਼ਰੀਏ ਉਹ ਆਨਲਾਈਨ ਕੰਮ ਕਰਦਾ ਹੈ। ਜਦੋਂ ਸਮਾਰਟ ਮੀਟਰ ਵਿਚ ਪਾਏ ਗਏ ਪੈਸੇ ਖ਼ਤਮ ਹੋਣ ਦੇ ਤਾਂ ਲਗਭਗ 10 ਯੂਨਿਟ ਬਾਕੀ ਬਚਣ ਤੋਂ ਬਾਅਦ ਮੋਬਾਇਲ ਉਤੇ ਮੈਸੇਜ ਜਾਵੇਗਾ ਤੇ ਰੀਚਾਰਜ਼ ਖ਼ਤਮ ਹੋਣ ਤੋਂ ਬਾਅਦ ਬੀਪ ਬੱਝੇਗੀ। ਇਸ ਮਗਰੋਂ ਖਪਤਕਾਰ ਆਨਲਾਈਨ ਆਪਣਾ ਮੀਟਰ ਰੀਚਾਰਜ ਕਰ ਸਕਣਗੇ। ਪ੍ਰੀਪੇਡ ਮੀਟਰ ਨੂੰ ਲੋਡ ਅਨੁਸਾਰ ਛੋਟੇ ਜਾਂ ਵੱਡੇ ਟੈਰਿਫ ਨਾਲ ਕਿਸੇ ਵੀ ਸਮੇਂ ਮੋਬਾਈਲ ਵਾਂਗ ਰੀਚਾਰਜ ਕੀਤਾ ਜਾ ਸਕਦਾ ਹੈ। ਪ੍ਰੀਪੇਡ ਮੀਟਰ ਪਲਾਨ ਦੀ ਮਿਆਦ ਕਦੋਂ ਖ਼ਤਮ ਹੋ ਰਹੀ ਹੈ? ਉਪਭੋਗਤਾ ਨੂੰ ਸੰਦੇਸ਼ ਪਹਿਲਾਂ ਹੀ ਆ ਜਾਵੇਗਾ। ਸਮੇਂ ਸਿਰ ਰੀਚਾਰਜ ਕਰਨ ਉਤੇ ਬਿਜਲੀ ਦੀ ਕੋਈ ਰੁਕਾਵਟ ਨਹੀਂ ਹੋਵੇਗੀ।

-PTC News

Related Post