ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਤੋਂ ਮੰਗੀ ਮਦਦ

By  Shanker Badra October 25th 2018 09:29 PM

ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਤੋਂ ਮੰਗੀ ਮਦਦ:ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਦੇ ਇੱਕ ਵਫ਼ਦ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਧਾਰਮਿਕ ਸਮਾਗਮ ਕਰਵਾਉਣ ਲਈ ਸਥਾਨਕ ਅਥਾਰਟੀਆਂ ਪਾਸੋਂ ਪ੍ਰਵਾਨਗੀ ਲੈਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜ਼ਮੀਨ ਹਾਸਲ ਕਰਨ ਵਾਸਤੇ ਉਨਾਂ ਦੀ ਮਦਦ ਮੰਗੀ।ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ ਵਿੱਚ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਉਨਾਂ ਦੀ ਮਦਦ ਲਈ ਕਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਵਫ਼ਦ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਨਾਂ ਨੂੰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨਾਂ ਮੁੱਦਿਆਂ ’ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ।ਉਨਾਂ ਕਿਹਾ,‘‘ਇਸ ਬਾਰੇ ਦੂਤਘਰ ਦੇਖੇਗਾ ਕਿ ਕੀ ਕੀਤਾ ਜਾ ਸਕਦਾ ਹੈ।ਵਫ਼ਦ ਨੇ ਗੈਰ-ਕਾਨੂੰਨੀ ਏਜੰਟਾਂ ਵੱਲੋਂ ਇਜ਼ਰਾਈਲ ਦੌਰੇ ਲਈ ਵੀਜ਼ਾ ਮੰਗਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਠੱਗੀਆਂ ਮਾਰਨ ਦਾ ਮਾਮਲਾ ਵੀ ਉਠਾਇਆ।ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਅਜਿਹੇ ਏਜੰਟਾਂ ਵਿਰੁੱਧ ਪਹਿਲਾਂ ਹੀ ਕਾਰਵਾਈ ਆਰੰਭੀ ਹੋਈ ਹੈ ਅਤੇ ਸੂਬੇ ਵਿੱਚ ਇਸ ਦੇ ਪਾਸਾਰ ਨੂੰ ਠੱਲ ਪਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਇਸ ਮਸਲੇ ਪ੍ਰਤੀ ਚਿਤੰਤ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਇਨਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ।ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀ ਸੈਨਿਕਾਂ ਖਾਸ ਕਰਕੇ ਸਿੱਖਾਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ ਜਿਨਾਂ ਵਿੱਚੋਂ ਬਹੁਤ ਸਾਰੇ ਸੈਨਿਕਾਂ ਨੇ ਦੁਸ਼ਮਣ ਦੇ ਹਮਲਿਆਂ ਤੋਂ ਇਜ਼ਰਾਈਲ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਾਸ਼ਟਰਮੰਡਲ ਯਾਦਗਾਰ ਦੀ ਫੇਰੀ ਨੂੰ ਵੀ ਚੇਤੇ ਕੀਤਾ ਜਿੱਥੇ ਉਨਾਂ ਨੇ ਸ਼ਹੀਦ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਆਪਣੀ ਇਜ਼ਰਾਈਲ ਫੇਰੀ ਦੇ ਆਖਰੀ ਦਿਨ ਮੌਕੇ ਮੁੱਖ ਮੰਤਰੀ ਨੇ ਹੌਫ ਹਾਸ਼ਰੋਨ ਵਿਖੇ ਅਫਿਕਿਮ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ, ਜਿੱਥੇ ਉਨਾਂ ਨੇ ਡੇਅਰੀ ਫਾਰਮਿੰਗ ਦੀ ਗੁਣਵੱਤਾ ਵਧਾਉਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ।ਉਨਾਂ ਨੇ ਅਧਿਕਾਰੀਆਂ ਨਾਲ ਚਾਰੇ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਫਾਰਮ ਦੇ ਪਸ਼ੂਆਂ ਦੀ ਸੰਭਾਲ ਤੇ ਸਾਫ-ਸਫਾਈ ਬਾਰੇ ਵੀ ਵਿਚਾਰ-ਚਰਚਾ ਕੀਤੀ।ਉਨਾਂ ਨੂੰ ਦੱਸਿਆ ਗਿਆ ਕਿ ਇੱਕ ਗਾਂ ਦੇ ਰੋਜ਼ਾਨਾ 10-15 ਲੀਟਰ ਦੁੱਧ ਦੇਣ ਦੀ ਬਜਾਏ ਇਸ ਫਾਰਮ ਵਿੱਚ ਇਕ ਗਾਂ 40 ਲੀਟਰ ਦੁੱਧ ਦਿੰਦੀ ਹੈ।ਇਸ ਦੁੱਧ ਦੀ ਫੈਟ ਫੀਸਦੀ ਵੀ ਜ਼ਿਆਦਾ ਹੈ ਜੋ ਪੰਜਾਬ ਵਿੱਚ 2.5 ਫੀਸਦੀ ਦੇ ਮੁਕਾਬਲੇ 4 ਫੀਸਦੀ ਹੈ। ਇਜ਼ਰਾਈਲ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਫਾਈ, ਸੰਭਾਲ ਅਤੇ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਸਦਕਾ ਦੁੱਧ ਦੀ ਪੈਦਾਵਾਰ ਵੱਧ ਹੁੰਦੀ ਹੈ।ਉਨਾਂ ਦੱਸਿਆ ਕਿ ਹਰੇਕ ਗਾਂ ਨੂੰ ਪ੍ਰਤੀ ਦਿਨ 120 ਲਿਟਰ ਪਾਣੀ ਦਿੱਤਾ ਜਾਂਦਾ ਹੈ।ਇਸੇ ਤਰਾਂ ਸੂਰਜੀ ੳੂਰਜਾ ਨਾਲ ਚੱਲਣ ਵਾਲੇ ਪੱਖਿਆਂ ਦੇ ਨਾਲ-ਨਾਲ ਫੁਹਾਰਾਨੁਮਾ ਪੱਖਿਆਂ ਰਾਹੀਂ ਸਾਰੇ ਸ਼ੈੱਡਾਂ ਦੀ ਆਬੋ-ਹਵਾ ਨੂੰ ਕਾਬੂ ’ਚ ਰੱਖਿਆ ਜਾਂਦਾ ਹੈ। -PTCNews

Related Post