ਜਥੇਦਾਰ ਰਣਜੀਤ ਸਿੰਘ ਤਨਖ਼ਾਹੀਆ ਕਰਾਰ, ਡਾ. ਸਮਰਾ ਨੂੰ ਵੀ ਸੁਣਾਈ ਸਜ਼ਾ

By  Pardeep Singh September 12th 2022 07:20 AM

ਪਟਨਾ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਸੋਨੇ-ਚਾਂਦੀ ਦਾ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕਰਨ ਮਾਮਲੇ ’ਚ ਪੰਜ-ਪਿਆਰਿਆਂ ਨੇ ਅੱਠ ਘੰਟੇ ਤੋਂ ਵੱਧ ਸਮੇਂ ਦੀ ਵਿਚਾਰ ਚਰਚਾ ਤੋਂ ਬਾਅਦ ਐਤਵਾਰ ਰਾਤ ਨੂੰ ਇਸ ਮਾਮਲੇ ’ਚ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ। ਉੱਥੇ ਹੀ ਦਾਨਕਰਤਾ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਮਨ੍ਹਾਂ ਕਰਨ ਦੇ ਬਾਵਜੂਦ ਮੀਡੀਆ ’ਚ ਬਿਆਨ ਦੇਣ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਤੇ ਇਸ ਲਈ ਇਕ ਅਖੰਡ ਪਾਠ, 1100 ਰੁਪਏ ਦਾ ਕੜਾਹ ਪ੍ਰਸਾਦ ਤੇ ਤਿੰਨ ਦਿਨਾਂ ਭਾਂਡੇ ਮਾਂਜਣ ਅਤੇ ਜੋੜਿਆਂ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।

ਇਸ ਮਾਮਲੇ ’ਚ ਆਪਣਾ ਪੱਖ ਰੱਖਣ ਲਈ ਜਥੇਦਾਰ ਗਿਆਨੀ ਰਣਜੀਤ ਸਿੰਘ ਤੇ ਦਾਨਕਰਤਾ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਦੇ ਵੱਡੇ ਪੁੱਤਰ ਹਰਮਨਦੀਪ ਸਿੰਘ ਸਮਰਾ ਐਤਵਾਰ ਦੁਪਹਿਰ 12 ਵਜੇ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਪਟਨਾ ਵਿਖੇ ਹਾਜ਼ਰ ਹੋਏ। ਪੰਜ ਪਿਆਰਿਆਂ ਨੇ ਦਾਨਕਰਤਾ ਤੇ ਜਥੇਦਾਰ ਤੋਂ ਸਬੂਤ ਲੈ ਕੇ ਕਰੀਬ ਅੱਠ ਘੰਟੇ ਵਿਚਾਰ ਚਰਚਾ ਕੀਤੀ। ਬੈਠਕ ਤੋਂ ਬਾਅਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਬਾਰ ਸਾਹਿਬ ’ਚ ਸੰਗਤ ਦੀ ਹਾਜ਼ਰੀ ’ਚ ਫ਼ੈਸਲਾ ਸੁਣਾਇਆ ਗਿਆ। ਪੰਜ ਪਿਆਰਿਆਂ ਦੀ ਬੈਠਕ ’ਚ ਵਧੀਕ ਮੁੱਖ ਗ੍ਰੰਥੀ ਭਾਈ ਬਲਦੇਵ ਸਿੰਘ ਦੀ ਪ੍ਰਧਾਨਗੀ ’ਚ ਹੋਈ। ਪੰਜ ਪਿਆਰਿਆਂ ’ਚ ਸੀਨੀਅਰ ਗ੍ਰੰਥੀ ਦਲੀਪ ਸਿੰਘ, ਗਿਆਨੀ ਭਾਈ ਗੁਰਦਿਆਲ ਸਿੰਘ, ਭਾਈ ਸੁਖਦੇਵ ਸਿੰਘ ਤੇ ਗ੍ਰੰਥੀ ਪਰਸ਼ੂਰਾਮ ਸਿੰਘ ਸਨ।

ਪੰਜ-ਪਿਆਰਿਆਂ ਨੇ ਦੱਸਿਆ ਕਿ ਦਾਨ ਮਾਮਲੇ ’ਚ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਥੇਦਾਰ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਦਾਨਕਰਤਾ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵਿਵਾਦ ਮੀਡੀਆ ’ਚ ਪਹੁੰਚਾਉਣ ਲਈ ਦੋਸ਼ੀ ਠਹਿਰਾਉਂਦੇ ਹੋਏ ਤਖ਼ਤ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਖਡ ਪਾਠ ਕਰਵਾਉਣ, 1100 ਰੁਪਏ ਦਾ ਕੜਾਹ ਪ੍ਰਸ਼ਾਦ ਤੇ ਤਿੰਨ ਦਿਨਾਂ ਤੱਕ ਭਾਂਡੇ ਮਾਂਜਣ ਅਤੇ ਜੋੜਾ ਘਰ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।

ਪੰਜ-ਪਿਆਰਿਆਂ ਨੇ ਦੱਸਿਆ ਕਿ ਜਥੇਦਾਰ ਨੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ’ਤੇ ਦਬਾਅ ਬਣਾਇਆ ਸੀ ਕਿ ਪੰਜ ਪਿਆਰਿਆਂ ਨੂੰ ਇੱਥੋਂ ਹਟਾ ਕੇ ਦੂਜੀ ਥਾਂ ਭੇਜਿਆ ਜਾਵੇ। ਦਾਨ ਮਾਮਲਾ ਚਰਚਾ ’ਚ ਆਉਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਮੁਖੀ ਮਰਹੂਮ ਅਵਤਾਰ ਸਿੰਘ ਹਿੱਤ ਨੇ ਰਣਜੀਤ ਸਿੰਘ ਦੇ ਦੋਸ਼ ਮੁਕਤ ਹੋਣ ਤੱਕ ਉਨ੍ਹਾਂ ਤੋਂ ਅਹੁਦਾ ਤੇ ਸਹੂਲਤ ਵਾਪਸ ਲੈ ਲਏ ਸਨ।

ਰਿਪੋਰਟ-ਗਗਨਦੀਪ ਅਹੂਜਾ

ਇਹ ਵੀ ਪੜ੍ਹੋ:AAP ਪੰਜਾਬ ਦਾ ਪੈਸਾ ਦੂਜੇ ਸੂਬਿਆਂ ਦੀ ਕੰਪੇਨਿੰਗ 'ਤੇ ਖਰਚ ਰਹੀ:ਅਸ਼ਵਨੀ ਸ਼ਰਮਾ

-PTC News

Related Post