ਕਾਬਲੀ ਸਿੱਖ ਰਵਾਇਤੀ ਪਹਿਰਾਵੇ 'ਚ ਨਗਰ ਕੀਰਤਨ ਤੇ ਰਾਗ ਦਰਬਾਰ ’ਚ ਭਰਨਗੇ ਹਾਜ਼ਰੀ :ਡਾ. ਰੂਪ ਸਿੰਘ

By  Shanker Badra September 19th 2018 06:11 PM

ਕਾਬਲੀ ਸਿੱਖ ਰਵਾਇਤੀ ਪਹਿਰਾਵੇ 'ਚ ਨਗਰ ਕੀਰਤਨ ਤੇ ਰਾਗ ਦਰਬਾਰ ’ਚ ਭਰਨਗੇ ਹਾਜ਼ਰੀ :ਡਾ. ਰੂਪ ਸਿੰਘ:ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਇਸ ਵਾਰ ਕਾਬਲੀ ਤੇ ਖੋਸਤੀ ਸੰਗਤ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ।ਇਸ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਦੀ ਸੰਗਤ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਹੀ ਉਹ ਬੀਤੇ ਕੱਲ੍ਹ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਮੀਟੰਗ ਕਰ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਅਫਗਾਨੀ ਸਿੱਖਾਂ ਵੱਲੋਂ 200 ਦਾ ਜੱਥਾ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅੰਮ੍ਰਿਤਸਰ ਪਹੁੰਚੇਗਾ,ਜਿਨ੍ਹਾਂ ਵਿੱਚੋਂ ਕਾਬਲੀ ਸਿੱਖ ਆਪਣੇ ਰਵਾਇਤੀ ਪਹਿਰਾਵੇ ਸਲਵਾਰ ਕਮੀਜ਼ ਤੇ ਇੱਕੋ ਰੰਗ ਦੀਆਂ ਦਸਤਾਰਾਂ ਵਿਚ ਹੋਣਗੇ।ਇਹ ਸੰਗਤ 24 ਅਕਤੂਬਰ ਰਾਤ ਨੂੰ ਪਹਿਲੀ ਵਾਰ ਹੋ ਰਹੇ ਪੜਤਾਲ ਗਾਇਨ ਕੀਰਤਨ ਸਮਾਗਮ, 25 ਅਕਤੂਬਰ ਨੂੰ ਨਗਰ ਕੀਰਤਨ ਤੇ ਰਾਗ ਦਰਬਾਰ ਦਾ ਹਿੱਸਾ ਬਣੇਗੀ ਅਤੇ ਇਸੇ ਤਰ੍ਹਾਂ 26 ਅਕਤੁਬਰ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੂਹਾਨੀ ਅਨੰਦ ਮਾਣੇਗੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਅਫਗਾਨੀ ਸਿੱਖਾਂ ਨੇ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦਿੱਤੇ ਸੱਦੇ ’ਤੇ ਬੇਹੱਦ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਇਹ ਮੌਕਾ ਉਨ੍ਹਾਂ ਲਈ ਬੇਹੱਦ ਖਾਸ ਹੈ ਅਤੇ ਉਹ ਇਸ ਮੌਕੇ ਉਤਸ਼ਾਹ ਨਾਲ ਹਾਜ਼ਰੀ ਭਰਨਗੇ।ਡਾ. ਰੂਪ ਸਿੰਘ ਅਨੁਸਾਰ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਹੋਈ ਮੀਟਿੰਗ ਵਿਚ ਮਨੋਹਰ ਸਿੰਘ ਚੇਅਰਮੈਨ ਖਾਲਸਾ ਦੀਵਾਨ ਸੁਸਾਇਟੀ, ਹੀਰਾ ਸਿੰਘ ਜਨਰਲ ਸਕੱਤਰ, ਗਿਆਨੀ ਬਲਵੰਤ ਸਿੰਘ, ਜਸਪਾਲ ਸਿੰਘ, ਰਵਿੰਦਰ ਸਿੰਘ, ਭਾਈ ਇਕਬਾਲ ਸਿੰਘ, ਜਥੇਦਾਰ ਬਲਦੇਵ ਸਿੰਘ, ਮਨਸਾ ਰਾਮ ਖੋਸਤੀ,ਸੰਤੋਖ ਸਿੰਘ, ਹੰਸਰਾਜ ਸਿੰਘ, ਭਗਵਾਨ ਸਿੰਘ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਪਿੰਕੀ, ਸਤਨਾਮ ਸਿੰਘ ਸਲੂਜਾ, ਰਮਨਦੀਪ ਕੌਰ ਆਦਿ ਮੌਜੂਦ ਸਨ। -PTCNews

Related Post