ਕਾਬੁਲ-ਅੰਮਿ੍ਰਤਸਰ ਹਵਾਈ ਸੰਪਰਕ ਨੂੰ ਸੁਰਜੀਤ ਕਰਨ ਅਤੇ ਵਪਾਰ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਪ੍ਰਸਤਾਵ

By  Joshi November 22nd 2017 09:28 PM

ਅਫਗਾਨਿਸਤਾਨ ਦੇ ਰਾਜਦੂਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਚੰਡੀਗੜ: ਅਫਗਾਨਿਸਤਾਨ ਦੇ ਪੰਜਾਬ ਨਾਲ ਨੇੜੇ ਦੇ ਰਵਾਇਤੀ ਸਬੰਧਾਂ ਨੂੰ ਹੋਰ ਬੜਾਵਾ ਦੇਣ ਲਈ ਭਾਰਤ ਵਿਚ ਅਫਗਾਨਿਸਤਾਨ ਦੇ ਰਾਜਦੂਤ ਸ਼ਾਇਦਾ ਮੁਹੰਮਦ ਅਬਦਾਲੀ ਨੇ ਅੰਮਿ੍ਰਤਸਰ-ਕਾਬੁਲ ਹਵਾਈ ਗਲੀਆਰੇ ਦੀ ਮੁੜ ਸੁਰਜੀਤੀ ਅਤੇ 1500 ਟਨ ਦੇ ਮਾਲ ਵਪਾਰ ਲਈ ਪਾਇਲਟ ਪ੍ਰਾਜੈਕਟ ਦਾ ਪ੍ਰਸਤਾਵ ਕੀਤਾ ਹੈ। ਰਾਜਦੂਤ ਅੱਜ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਅਤੇ ਅਫਗਾਨਿਸਤਾਨ ਅਤੇ ਪੰਜਾਬ ਵਿਚ ਵਪਾਰ ਨੂੰ ਬੜਾਵਾ ਦੇਣ ਲਈ ਵੱਡੀ ਸਮਰੱਥਾ ਬਾਰੇ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਵਿਚ ਇਤਿਹਾਸਕ ਸਬੰਧ ਹਨ। ਉਨਾਂ ਨੇ ਪਟਿਆਲਾ ਸਟੇਟ ਦੇ ਬਾਨੀ ਬਾਬਾ ਆਲਾ ਸਿੰਘ ਬਾਰੇ ਕਿਰਪਾਲ ਸਿੰਘ ਵੱਲੋਂ ਲਿਖੀ ਗਈ ਇਕ ਕਿਤਾਬ ਰਾਜਦੂਤ ਨੂੰ ਭੇਟ ਕੀਤੀ। ਇਸ ਕਿਤਾਬ ਵਿਚ ਪੰਜਾਬ ਦੇ ਅਫਗਾਨਿਸਤਾਨ ਨਾਲ ਸਬੰਧਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਵਪਾਰ ਦੀਆਂ ਸਰਗਰਮੀਆਂ ਚਲਾਉਣ ਲਈ ਭਾਰੀ ਉਤਸੁਕਤਾ ਦਿਖਾਈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਸਦੀਆਂ ਪੁਰਾਣੇ ਸਬੰਧ ਹਨ ਅਤੇ ਸਾਨੂੰ ਇਹ ਸਬੰਧ ਹੋਰ ਮਜ਼ਬੂਤ ਬਣਾਉਣੇ ਚਾਹੀਦੇ ਹਨ ਤਾਂ ਜੋ ਇੱਕ ਦੂਜੇ ਦੀ ਪ੍ਰਗਤੀ ਵਿਚ ਯੋਗਦਾਨ ਪਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਅਤੇ ਅਫਗਾਨਿਸਤਾਨ ਦੀ ਇਕੋ ਜਿਹੀ ਆਰਥਿਕਤਾ ਹੈ ਅਤੇ ਦੋਵੇਂ ਹੀ ਖੇਤੀਬਾੜੀ ਉੱਤੇ ਕੇਂਦਰਤ ਹਨ। ਰਾਜਦੂਤ ਨੇ ਮਾਲ ਭਾੜੇ ਦੇ ਵਪਾਰ ਲਈ ਇਕ ਵਪਾਰਿਕ ਗਲੀਆਰਾ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਦਵਾਈ ਵਸਤਾਂ, ਇੰਜੀਨੀਅਰਿੰਗ ਉਤਪਾਦ, ਊਨ, ਡੇਅਰੀ ਉਤਪਾਦ, ਤਾਜ਼ਾ ਅਤੇ ਸੁੱਕੇ ਮੇਵੇ, ਮੀਟ, ਪ੍ਰੋਸੈਸਡ ਭੋਜਣ ਅਤੇ ਦੁੱਧ ਪਾਉਡਰ ਦਾ ਵਪਾਰ ਕੀਤਾ ਜਾ ਸਕੇ। ਉਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਪੰਜਾਬ ਅਫਗਾਨਿਸਤਾਨ ਤੋਂ ਮੀਟ ਉਤਪਾਦਾਂ ਦੀ ਦਰਾਮਦ ਕਰੇ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਵਿਚ ਭਾਰੀ ਦਿਲਚਸਪੀ ਦਿਖਾਈ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਅਫਗਾਨਿਸਤਾਨ ਦੇ ਨਾਲ ਅੱਗੇ ਹੋਰ ਵਿਚਾਰ ਵਟਾਂਦਰਾ ਕਰਨ ਅਤੇ ਪਾਇਲਟ ਪ੍ਰਾਜੈਕਟ ਬਾਰੇ ਰੂਪ ਰੇਖਾ ਤਿਆਰ ਕਰਨ ਲਈ ਆਖਿਆ ਜੋ ਸੂਬੇ ਵਿਚ ਉਦਯੋਗ ਨੂੰ ਬੜਾਵਾ ਦੇਣ ਦੀਆਂ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਹੋਵੇਗਾ। ਅਫਗਾਨਿਸਤਾਨ ਦੇ ਰਾਜਦੂਤ ਨੇ ਪਹਿਲਾਂ ਹੀ ਅੰਮਿ੍ਰਤਸਰ ਦਾ ਦੌਰਾ ਕੀਤਾ ਹੈ ਅਤੇ ਭਲਕੇ ਸਰਹਿੰਦ ਜਾਣਾ ਚਾਹੁੰਦੇ ਹਨ। ਉਨਾਂ ਨੇ ਪੰਜਾਬ ਵਿਚ ਅਫਗਾਨਿਸਤਾਨ ਦੇ ਨੌਜਵਾਨਾਂ ਦੀ ਸਿੱਖਿਆ ਵਾਸਤੇ ਵੱਡੀ ਸਮਰਥਾ ਵੀ ਦੇਖੀ। ਇਸ ਵੇਲੇ ਭਾਰਤ ਵਿਚ ਤਕਰੀਬਨ 16 ਹਜ਼ਾਰ ਅਫਗਾਨ ਵਿਦਿਆਰਥੀ ਹਨ ਅਤੇ ਉਨਾਂ ਨੂੰ ਪੰਜਾਬ ਦੀ ਯੂਨੀਵਰਸਿਟੀ ਪੜਾਈ ਵਧੀਆ ਲੱਗੀ। —PTC News  

Related Post