ਕੇਜਰੀਵਾਲ ਪੰਜਾਬੀ ਭਾਸ਼ਾ ਨੂੰ ਦਿੱਲੀ ਸਿੱਖਿਆ ਬੋਰਡ 'ਚੋਂ ਬਾਹਰ ਕੱਢ ਕੇ ਕਰ ਰਹੇ ਅਪਮਾਨ: ਅਕਾਲੀ ਦਲ

By  Jasmeet Singh February 2nd 2022 09:12 PM -- Updated: February 2nd 2022 09:14 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਗਾਇਆ ਕਿ ਉਹ ਜਾਣ ਬੁੱਝ ਕੇ ਪੰਥਕ ਸੱਭਿਆਚਾਰ ਤੇ ਕਦਰਾਂ ਕੀਮਤਾਂ ਅਤੇ ਪੰਜਾਬੀ ਭਾਸ਼ਾ ਨੂੰ ਅਣਡਿੱਠ ਕਰਕੇ ਤੇ ਦਿੱਲੀ ਰਾਜ ਸਰਕਾਰ ਵੱਲੋਂ ਵਿਤਕਰਾ ਕਰ ਕੇ ਇਸਦਾ ਅਪਮਾਨ ਕਰ ਰਹੇ ਹਨ। ਇਹ ਵੀ ਪੜ੍ਹੋ: ਕਾਂਗਰਸ ਪਾਰਟੀ ਲੋਕਤੰਤਰ ਦੇ ਨਾਂ 'ਤੇ ਕੀਤੇ ਧੋਖੇ ਦਾ ਲੋਕਾਂ ਨੂੰ ਜਵਾਬ ਦੇਵੇ: ਸ਼੍ਰੋਮਣੀ ਅਕਾਲੀ ਦਲ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਕੇਜਰੀਵਾਲ ਵੱਲੋਂ ਪੰਜਾਬੀ ਭਾਸ਼ਾ ਤੇ ਸਿੱਖ ਸੱਭਿਆਚਾਰ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਲਾਈਵ ਬਹਿਸ ਕਰਨ। ਉਹਨਾਂ ਕਿਹਾ ਕਿ ਮੈਂ ਇਸ ਲਈ ਤੁਹਾਡੇ ਦੱਸੇ ਸਮੇਂ ਤੇ ਸਥਾਨ ਅਤੇ ਤੁਹਾਡੀ ਪਸੰਦ ਦੇ ਲੋਕਾਂ ਦੀ ਹਾਜ਼ਰੀ ਵਿੱਚ ਬਹਿਸ ਕਰਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਮੈਨੁੰ ਕੇਜਰੀਵਾਲ ਨਾਲ ਕੋਈ ਸ਼ਿਕਵਾ ਨਹੀਂ ਹੈ ਕਿਉਂਕਿ ਉਹ ਗੈਰ ਪੰਜਾਬੀ ਹਨ ਅਤੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਹਰ ਚੀਜ਼ ਨਾਲ ਨਫ਼ਰਤ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਮੇਰਾ ਸ਼ਿਕਵਾ ਤੁਹਾਡੇ ’ਤੇ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਬਾਰੇ ਚੁੱਪ ਕਿਉਂ ਹੋ ਜਦੋਂ ਕਿ ਮਾਂ ਬੋਲੀ ਨੇ ਹੀ ਇਕ ਕਲਾਕਾਰ ਵਜੋਂ ਤੁਹਾਨੁੰ ਸਭ ਕੁਝ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰੂਆਂ ਦੀ ਭਾਸ਼ਾ ਤੇ ਸੱਭਿਆਚਾਰ ਦੇ ਅਪਮਾਨ ’ਤੇ ਤੁਹਾਡੀ ਚੁੱਪੀ ਗੁਰਮੁਖੀ ਦੀ ਪਿੱਠ ਵਿੱਚ ਅਤੇ ਇਸਦੀ ਪ੍ਰਤੀਕ ਹਰ ਸ਼ੈਅ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ। ਬੈਂਸ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦਿੱਲੀ ਸਿੱਖਿਆ ਬੋਰਡ ਦੀ ਵਿਸ਼ਾ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ ਤੇ ਕੇਜਰੀਵਾਲ ਨੇ ਜਾਣ ਬੁੱਝ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਪ੍ਰਚਲਿਤ ਗਤਕਾ ਮਾਰਸ਼ਲ ਆਰਟ ਨੂੰ ਪ੍ਰੋਫੈਸ਼ਨਲ ਮੈਡੀਕਲ, ਇੰਜੀਨੀਅਰਿੰਗ, ਆਈ ਟੀ ਤੇ ਹੋਰ ਕੋਰਸਾਂ ਦੇ ਨਾਲ ਦਿੱਲੀ ਵਿੱਚ ਸਰਕਾਰੀ ਨੌਕਰੀਆਂ ਵਾਸਤੇ ਸਪੋਰਟਸ ਕੋਟੇ ਵਿੱਚ ਦਾਖਲੇ ਲਈ ਇਕ ਖੇਡ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਇਕ ਗੈਰ ਸਾਹਿਤਕ ਜੂਨੀਅਰ ਸਰਕਾਰੀ ਅਫਸਰ ਨੂੰ ਦਿੱਲੀ ਵਿੱਚ ਪੰਜਾਬੀ ਅਕਾਦਮੀ ਦਾ ਚੇਅਰਮੈਨ ਨਿਯੁਕਤ ਕਰ ਕੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਅਕਾਦਮੀ ਦੇ ਨਵੇਂ ਚੇਅਰਮੈਨ ਨੂੰ ਤਾਂ ਪੰਜਾਬੀ ਭਾਸ਼ਾ ਵੀ ਨਹੀਂ ਆਉਂਦੀ, ਉਸਦੇ ਲੇਖਕ ਹੋਣ ਦੀ ਤਾਂ ਗੱਲ ਹੀ ਛੱਡੋ। ਉਹਨਾਂ ਕਿਹਾ ਕਿ ਇਹ ਅਹੁਦਾ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੁਰਜੀਤ ਪਾਤਰ, ਪ੍ਰੋਫੈਸਰ ਮੋਹਨ ਸਿੰਘ ਅਤੇ ਇਹਨਾਂ ਵਰਗੀਆਂ ਹੋਰ ਸ਼ਖਸੀਅਤਾਂ ਲਈ ਹੈ ਪਰ ਇਹ ਅਹੁਦਾ ਉਸਨੂੰ ਦੇ ਦਿੱਤਾ ਗਿਆ ਜਿਸਨੁੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ। ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦਾ ਕਾਂਗਰਸ ਪਾਰਟੀ 'ਤੇ ਵੱਡਾ ਸ਼ਬਦੀ ਹਮਲਾ ਅਕਾਲੀ ਬੁਲਾਰੇ ਨੇ ਹੋਰ ਕਿਹਾ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਇਹ ਪੁੱਛਣ ਵਿੱਚ ਡਰ ਲੱਗਦਾ ਹੈ ਕਿ ਗੁਰੂ ਦੇ ਸੱਭਿਆਚਾਰ ਤੇ ਭਾਸ਼ਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਪਮਾਨਤ ਕਿਉਂ ਕਰ ਰਹੇ ਹਨ। -PTC News

Related Post