ਖਾਲਸਾ ਕਾਲਜ ਦੇ ਹੁਨਰ ਕੇਂਦਰ ਨੂੰ ਲੈ ਕੇ ਦਿੱਲੀ ਕਮੇਟੀ ਦਾ ਪ੍ਰਤੀਕਰਮ ਆਇਆ ਸਾਹਮਣੇ

By  Shanker Badra July 23rd 2018 06:11 PM

ਖਾਲਸਾ ਕਾਲਜ ਦੇ ਹੁਨਰ ਕੇਂਦਰ ਨੂੰ ਲੈ ਕੇ ਦਿੱਲੀ ਕਮੇਟੀ ਦਾ ਪ੍ਰਤੀਕਰਮ ਆਇਆ ਸਾਹਮਣੇ:ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਕਿੱਤਾ ਮੁੱਖੀ ਕੋਰਸ਼ਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ ਜਾ ਰਹੇ ਹੁਨਰ ਕੇਂਦਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਮੇਟੀ ਖਿਲਾਫ਼ ਸ਼ੁਰੂ ਹੋਈ ਦੂਸ਼ਣਬਾਜ਼ੀ ’ਤੇ ਕਮੇਟੀ ਦਾ ਪੱਖ ਵੀ ਸਾਹਮਣੇ ਆਇਆ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਇਸ ਬਾਰੇ ਮੀਡੀਆ ਨੂੰ ਜਾਰੀ ਬਿਆਨ ’ਚ ਦਾਅਵਾ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਹੋ ਰਿਹਾ ਪ੍ਰਚਾਰ ਤੱਥਾਂ ਤੋਂ ਦੂਰ ਅਤੇ ਗਲਤ ਬਿਆਨੀ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਦੀਨ ਦਿਆਲ ਉਪਾਧਿਆਏ ਹੁਨਰ ਕੇਂਦਰ ਯੋਜਨਾ ਲਈ ਦਿੱਲੀ ਦੇ 54 ਕਾਲਜਾਂ ’ਚੋਂ ਸਿਰਫ਼ ਖਾਲਸਾ ਕਾਲਜ ਦੀ ਵੱਧਿਆ ਆਧਾਰਭੂਤ ਢਾਂਚੇ ਕਰਕੇ ਚੋਣ ਕੀਤੀ ਗਈ ਹੈ। ਇਸ ਅਦਾਰੇ ਦੀ ਸਥਾਪਨਾ ਕਾਲਜ ਕੰਪਲੈਕਸ਼ ’ਚ ਹੋਣੀ ਹੈ।ਉਕਤ ਹੁਨਰ ਕੇਂਦਰ ਖਾਲਸਾ ਕਾਲਜ ਦੀ ਵਿੰਗ ਵਜੋਂ ਕਾਰਜ ਕਰੇਗਾ।ਜਿਸ ’ਚ ਪਹਿਲੇ ਸਾਲ ਲਗਭਗ 500 ਬੱਚੇ ਦਾਖਲਾ ਲੈਣਗੇ। 3 ਸਾਲ ਉਪਰੰਤ ਇਸ ਅਦਾਰੇ ’ਚ ਇੱਕ ਸਮੇਂ 1500 ਵਿਦਿਆਰਥੀ ਪੜ੍ਹਾਈ ਕਰਨਗੇ।ਜਿਸ ’ਚ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀਂਆ ਹਨ। ਉਨ੍ਹਾਂ ਕਿਹਾ ਕਿ ਉਕਤ ਕੋਰਸਾਂ ਨੂੰ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਦਿੱਲੀ ਯੂਨੀਵਰਸਿਟੀ ਵੱਲੋਂ ਡਿਗਰੀ ਆਦਿਕ ਦਿੱਤੀ ਜਾਵੇਗੀ,ਉਥੇ ਨਾਲ ਹੀ ਯੂ.ਜੀ.ਸੀ. ਵੱਲੋਂ ਅਦਾਰੇ ਦੀ ਸਥਾਪਨਾ ਲਈ ਲਗਭਗ 5 ਕਰੋੜ ਰੁਪਏ ਦਾ ਫੰਡ ਕਾਲਜ ਨੂੰ ਦਿੱਤਾ ਜਾ ਰਿਹਾ ਹੈ।ਇਸ ਕਰਕੇ ਦਿੱਲੀ ਕਮੇਟੀ ਦੇ ਦੂਰਦਰਸ਼ੀ ਪ੍ਰਬੰਧ ਦੀ ਉਕਤ ਹੁਨਰ ਕੇਂਦਰ ਗਵਾਹੀ ਭਰੇਗਾ।ਕਿਉਂਕਿ ਕਿੱਤਾਮੁੱਖੀ ਕੋਰਸ਼ ਕਰਕੇ ਨਿਕਲਣ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਰੋਜ਼ਗਾਰ ਮਿਲਣ ਦੇ ਬਾਜ਼ਾਰ ’ਚ ਵਾਧੂ ਮੌਕੇ ਹਨ ਪਰ ਕੁਝ ਸੌੜ੍ਹੀ ਸੋਚ ਦੇ ਲੋਕਾਂ ਨੇ ਕੇਂਦਰ ਦੇ ਨਾਂ ਨੂੰ ਲੈ ਕੇ ਇਸਨੂੰ ਆਰ.ਐਸ.ਐਸ. ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਕੇ ਦਿੱਲੀ ਕਮੇਟੀ ਦੀ ਪ੍ਰਾਪਤੀ ਨੂੰ ਗੰਦਲਾ ਕਰਨ ਦੀ ਸਾਜਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵਿਦਿਆ ਪ੍ਰਾਪਤ ਕਰਕੇ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ।ਜੇਕਰ ਦਿੱਲੀ ਕਮੇਟੀ ਗੁਰੂ ਸਾਹਿਬ ਦੇ ਸੁਨੇਹੇ ਦੇ ਨਾਲ ਨੌਜਵਾਨਾਂ ਨੂੰ ਜੋੜ ਰਹੀ ਹੈ ਤਾਂ ਆਰ.ਐਸ.ਐਸ. ਦੀ ਵਿਚਾਰਧਾਰਾ ਕਿੱਥੋਂ ਅਤੇ ਕਿਵੇਂ ਆ ਗਈ ? ਉਨ੍ਹਾਂ ਦੂਸ਼ਣਬਾਜ਼ੀ ਕਰ ਰਹੇ ਲੋਕਾਂ ਨੂੰ ਤੱਥਾਂ ਦੀ ਪੜਚੋਲ ਕਰਨ ਉਪਰੰਤ ਗੱਲ ਕਰਨ ਦੀ ਸਲਾਹ ਦਿੰਦੇ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਹਿਸਾਬ ਨਾਲ ਯੋਜਨਾਵਾਂ ਦੇ ਨਾਂ ਰੱਖਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਵਾਲਾ ਦਿੱਤਾ।ਉਨ੍ਹਾਂ ਕਿਹਾ ਕਿ ਦੇਸ਼ ’ਚ ਇਸ ਵੇਲੇ ਨਹਿਰੂ-ਗਾਂਧੀ ਪਰਿਵਾਰ ਦੇ ਨਾਂ ’ਤੇ 450 ਯੋਜਨਾਂਵਾ ਚਲ ਰਹੀਆਂ ਹਨ। ਹਰ ਸੂਬੇ ਦੀ ਸਰਕਾਰ ਆਪਣੇ ਹਿਸਾਬ ਨਾਲ ਯੋਜਨਾਂਵਾ ਦਾ ਨਾਮਕਰਨ ਕਰਦੀ ਹੈ।ਕਿਸੇ ਨਾਮ ਕਰਕੇ ਕਿਸੇ ਵਿਚਾਰਧਾਰਾ ਦਾ ਸੁਮੇਲ ਹੋ ਜਾਣ ਦਾ ਦਾਅਵਾ ਤੰਗ ਸੋਚ ਦਾ ਲਖਾਇਕ ਹੈ। -PTCNews

Related Post