ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ

By  Pardeep Singh October 3rd 2022 01:46 PM

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਿੱਟੂ ਨੇ ਮਾਮਲੇ ਦੀ ਸ਼ਿਕਾਇਤ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਰਾਜਾ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਫੋਨ ਕਰਨ ਵਾਲੇ ਨੇ ਬਿੱਟੂ ਨੂੰ ਬੰਦੀ ਸਿੰਘਾਂ ਦੀ ਰਿਹਾਈ 'ਚ ਰੁਕਾਵਟ ਨਾ ਬਣਨ ਦੀ ਗੱਲ ਕਹੀ ਹੈ। ਬਿੱਟੂ ਬੰਦੀ ਸਿੰਘਾਂ ਖਿਲਾਫ ਬੋਲਣਾ ਬੰਦ ਕਰੇ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ। ਪਹਿਲਾਂ ਹੀ ਐਮਪੀ ਬਿੱਟੂ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਧਾ ਕੇ ਜ਼ੈੱਡ+ ਕਰ ਦਿੱਤੀ ਗਈ ਹੈ।

ਹੁਣ ਸਾਂਸਦ ਬਿੱਟੂ ਦੀ ਦਿੱਲੀ ਕੋਠੀ ਦੀ ਸੁਰੱਖਿਆ ਘੇਰਾਬੰਦੀ ਵੀ ਵਧਾ ਦਿੱਤੀ ਗਈ ਹੈ। ਲੁਧਿਆਣਾ ਕੋਠੀ ਦੇ ਬਾਹਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਕੋਠੀ ਦੇ ਬਾਹਰ ਗਾਰਡ ਤਾਇਨਾਤ ਕਰਨ ਦੇ ਨਾਲ-ਨਾਲ ਉੱਚ ਪੱਧਰੀ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਨੂੰ 00994408917750 ਨੰਬਰ ਤੋਂ ਕਾਲ ਆਈ ਸੀ।

ਦੱਸ ਦੇਈਏ ਕਿ ਸਾਂਸਦ ਬਿੱਟੂ ਅਕਸਰ ਬੰਦੀ ਸਿੰਘਾਂ ਖਿਲਾਫ ਬਿਆਨਬਾਜ਼ੀ ਕਰਦੇ ਰਹੇ ਹਨ ਅਤੇ ਹੁਣ ਵੀ ਕਰਦੇ ਹਨ।  ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਵੀ ਅੱਤਵਾਦ ਦਾ ਵਿਰੋਧ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਪਹਿਲਾਂ ਵੀ ਉਸ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਸਨ ਅਤੇ ਹੁਣ ਵੀ ਮਿਲ ਰਹੀਆਂ ਹਨ ਪਰ ਉਹ ਕਿਸੇ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ।

ਰਵਨੀਤ ਬਿੱਟੂ  ਲੁਧਿਆਣਾ ਤੋਂ ਸਾਂਸਦ ਹਨ। ਉਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ। ਉਨ੍ਹਾਂ ਦਾ ਜਨਮ 10 ਸਤੰਬਰ 1975 ਨੂੰ ਲੁਧਿਆਣਾ ਦੇ ਪਿੰਡ ਕੋਟਲਾ ਅਫਗਾਨ ਵਿੱਚ ਹੋਇਆ। ਉਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਪੰਜਾਬ ਯੂਥ ਕਾਂਗਰਸ ਦੇ ਮੁਖੀ ਬਣ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਬਿੱਟੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਰਾਹੁਲ ਦੀ ਬਦੌਲਤ ਹੀ ਬਿੱਟੂ ਨੂੰ 2009 ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਟਿਕਟ ਮਿਲੀ ਸੀ। ਇਸ ਤੋਂ ਬਾਅਦ ਉਹ 2014 ਅਤੇ 2019 ਵਿੱਚ ਵੀ ਲੁਧਿਆਣਾ ਤੋਂ ਚੋਣ ਜਿੱਤੇ।

ਇਹ ਵੀ ਪੜ੍ਹੋ:ਪੰਜਾਬ ਦੀ ਡਾਕੂਮੈਂਟਰੀ ਨੂੰ ਮਿਲਿਆ ‘ਬੈਸਟ ਇਨਵੈਸਟੀਗੇਟਿਵ ਫਿਲਮ’ ਐਵਾਰਡ

-PTC News

Related Post